ਨਸ਼ਾ ਤਸਕਰ, ਚੋਰ ਅਤੇ ਸੱਟੇਬਾਜ਼ ਚੜ੍ਹੇ ਅੜਿੱਕੇ
ਜ਼ੀਰਕਪੁਰ ਕਰਾਈਮ ਫਾਈਲ: ਨਸ਼ਾ ਤਸਕਰ, ਚੋਰ ਅਤੇ ਸੱਟੇਬਾਜ਼ ਚੜ੍ਹੇ ਅੜਿੱਕੇ
Publish Date: Tue, 14 Apr 2026 10:08 PM (IST)
Updated Date: Wed, 15 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਇਲਾਕੇ ਵਿਚ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੇ ਕੁੱਝ ਦਿਨਾਂ ਵਿਚ ਕਈ ਅਹਿਮ ਸਫ਼ਲਤਾਵਾਂ ਹਾਸਲ ਕੀਤੀਆਂ ਹਨ। ਨਸ਼ਾ ਤਸਕਰੀ, ਚੋਰੀ, ਧੋਖਾਧੜੀ ਅਤੇ ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਪਹਿਲੇ ਮਾਮਲੇ ਵਿਚ ਢਕੌਲੀ ਪੁਲਿਸ ਨੇ ਗਸ਼ਤ ਦੌਰਾਨ ਇਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ, ਜੋ ਨਸ਼ੇ ਦੀ ਲੋਰ ਵਿਚ ਪਾਇਆ ਗਿਆ। ਥਾਣਾ ਮੁਖੀ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਵਿਜੇ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਢਕੌਲੀ ਵਿਚ ਕਿਰਾਏ ਤੇ ਰਹਿ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਹੋਰ ਮਾਮਲੇ ਵਿਚ ਢਕੌਲੀ ਪੁਲਿਸ ਨੇ ਪੀਰਮੁਛੱਲਾ ਖੇਤਰ ਵਿਚੋਂ ਦੋ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਚੋਰੀ ਦੀਆਂ ਬਿਜਲੀ ਦੀਆਂ ਤਾਰਾਂ ਬਰਾਮਦ ਕੀਤੀਆਂ ਹਨ। ਐੱਸਆਈ ਹਰਜਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਘੇਰਾਬੰਦੀ ਕਰਕੇ ਰਾਜਾ ਅਤੇ ਬਬਲੂ (ਨਿਵਾਸੀ ਪੀਰਮੁਛੱਲਾ) ਨੂੰ ਦਬੋਚ ਲਿਆ। ਮੁਲਜ਼ਮਾਂ ਨੇ ਕਬੂਲਿਆ ਹੈ ਕਿ ਇਹ ਤਾਰਾਂ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀਆਂ ਸਨ। ਬਾਕਸ-- ਕ੍ਰਿਕਟ ਮੈਚਾਂ ਤੇ ਸੱਟਾ ਲਗਵਾਉਣ ਵਾਲਾ ਚੜ੍ਹਿਆ ਪੁਲਿਸ ਅੜਿੱਕੇ : ਨਾਭਾ ਰੋਡ ਸਥਿਤ ਡਰੀਮ ਹਾਊਸ ਐੱਸਬੀਪੀ ਸੁਸਾਇਟੀ ਵਿਚ ਲੋਕਾਂ ਨੂੰ ਆਨਲਾਈਨ ਸੱਟੇਬਾਜ਼ੀ ਰਾਹੀਂ ਠੱਗਣ ਵਾਲੇ ਸਤੀਸ਼ ਵਾਲੀਆ ਉਰਫ਼ ਹੈਪੀ ਨੂੰ ਪੁਲਿਸ ਨੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਲੋਕਾਂ ਨੂੰ ਮੋਟੇ ਮੁਨਾਫ਼ੇ ਦਾ ਲਾਲਚ ਦੇ ਕੇ ਆਪਣੇ ਖਾਤੇ ਵਿਚ ਪੈਸੇ ਟਰਾਂਸਫਰ ਕਰਵਾਉਂਦਾ ਸੀ ਅਤੇ ਫਿਰ ਧੋਖਾਧੜੀ ਕਰਦਾ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਬਾਕਸ-- ਨਾਬਾਲਿਗ ਲੜਕੀ ਲਾਪਤਾ : ਪਿੰਡ ਭਬਾਤ ਤੋਂ ਇਕ 14 ਸਾਲਾ ਨਾਬਾਲਿਗ ਲੜਕੀ ਦੇ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਿਤਾ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਬੇਟੀ 13 ਅਪ੍ਰੈਲ ਦੀ ਸ਼ਾਮ ਤੋਂ ਘਰ ਨਹੀਂ ਪਰਤੀ। ਪਿਤਾ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸਦੀ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਾਂ ਬਹਲਾ-ਫੁਸਲਾ ਕੇ ਲੈ ਗਿਆ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਬਾਕਸ ਬਾਈਕ ਸਵਾਰ ਲੁਟੇਰੇ ਜੇਲ੍ਹ ਭੇਜੇ : ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਮੋਬਾਈਲ ਖੋਹਣ ਵਾਲੇ ਦੋ ਮੁਲਜ਼ਮਾਂ ਰਾਹੁਲ ਅਤੇ ਸੰਜੇ (ਨਿਵਾਸੀ ਭਬਾਤ) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਵਾਰਦਾਤ 3 ਅਪ੍ਰੈਲ ਨੂੰ ਜੋਨੀ ਜੈਨ ਨਾਮਕ ਵਿਅਕਤੀ ਨਾਲ ਵਾਪਰੀ ਸੀ। ਜਾਂਚ ਅਧਿਕਾਰੀ ਏਐੱਸਆਈ ਰਾਜੀਵ ਕੁਮਾਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।