- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੁੱਕਰਵਾਰ ਨੂੰ ਦਿਨ ਦਿਹਾੜੇ ਜ਼ਿਲ੍ਹਾ ਅਦਾਲਤ ਤੋਂ ਪੇਸ਼ੀ ਤੋਂ ਬਾਅਦ ਵਾਪਸ ਆ ਰਹੇ ਇਕ ਨੌਜਵਾਨ ਦੀ ਦੌੜਾ-ਦੌੜਾ ਕੇ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਤੌਰ ’ਤੇ ਜ਼ਖ਼ਮੀ ਨੌਜਵਾਨ ਸੜਕ ’ਤੇ ਤੜਫ਼ਦਾ ਰਿਹਾ, ਪਰ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ੁੱਕਰਵਾਰ ਨੂੰ ਦਿਨ ਦਿਹਾੜੇ ਜ਼ਿਲ੍ਹਾ ਅਦਾਲਤ ਤੋਂ ਪੇਸ਼ੀ ਤੋਂ ਬਾਅਦ ਵਾਪਸ ਆ ਰਹੇ ਇਕ ਨੌਜਵਾਨ ਦੀ ਦੌੜਾ-ਦੌੜਾ ਕੇ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਤੌਰ ’ਤੇ ਜ਼ਖ਼ਮੀ ਨੌਜਵਾਨ ਸੜਕ ’ਤੇ ਤੜਫ਼ਦਾ ਰਿਹਾ, ਪਰ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਮੌਲੀਜਾਗਰਾ ਨਿਵਾਸੀ ਗੋਲੂ ਉਰਫ਼ ਕੋਲਿਸ (21) ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿਚ ਹੱਤਿਆ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਗੋਲੂ ਅਤੇ ਉਸ ਦੀ ਮਾਂ ਮੀਨਾ ਲੜਾਈ-ਝਗੜੇ ਨਾਲ ਸਬੰਧਤ ਮਾਮਲੇ ਵਿਚ ਪੇਸ਼ੀ ਲਈ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਪਹੁੰਚੇ ਸਨ। ਮੁਲਜ਼ਮਾਂ ਨੂੰ ਵੀ ਇਸ ਦੀ ਜਾਣਕਾਰੀ ਸੀ ਅਤੇ ਉਹ ਪਹਿਲਾਂ ਹੀ ਗੋਲੂ ਦੀ ਉਡੀਕ ਕਰ ਰਹੇ ਸਨ। ਪੇਸ਼ੀ ਦੌਰਾਨ ਗੋਲੂ ’ਤੇ ਨਜ਼ਰ ਬਣਾਈ ਹੋਈ ਸਨ।
ਪੇਸ਼ੀ ਤੋਂ ਬਾਅਦ ਗੋਲੂ ਦੀ ਮਾਂ ਮੀਨਾ ਵੱਖਰੇ ਰਾਹ ਨਿਕਲ ਗਈ, ਜਦਕਿ ਗੋਲੂ ਕਿਸੇ ਤਰ੍ਹਾਂ ਬਚਦਾ ਹੋਇਆ ਸੈਕਟਰ-38 ਵਿਚ ਆਪਣੇ ਇਕ ਦੋਸਤ ਦੇ ਘਰ ਪਹੁੰਚ ਗਿਆ। ਦੋਸਤ ਨੇ ਵੀ ਗੋਲੂ ਨੂੰ ਦੱਸਿਆ ਕਿ ਮੁਲਜ਼ਮ ਉਸ ਦੀ ਭਾਲ ਕਰ ਰਹੇ ਹਨ ਅਤੇ ਉਸ ਨੂੰ ਤੁਰੰਤ ਉੱਥੋਂ ਨਿਕਲ ਜਾਣਾ ਚਾਹੀਦਾ ਹੈ।
ਜਦੋਂ ਗੋਲੂ ਉੱਥੋਂ ਨਿਕਲਿਆ ਤਾਂ ਬੁਲੇਟ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਏ। ਜਿਨ੍ਹਾਂ ਦੇ ਹੱਥਾਂ ਵਿਚ ਹਥਿਆਰ ਸਨ। ਮੁਲਜ਼ਮਾਂ ਨੇ ਪਹਿਲਾਂ ਬੀਜੇਪੀ ਦਫ਼ਤਰ ਦੇ ਸਾਹਮਣੇ ਗੋਲੂ ’ਤੇ ਚਾਕੂਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਜਦੋਂ ਗੋਲੂ ਦੁਪਹਿਰ ਕਰੀਬ 3 ਵਜੇ ਸੈਕਟਰ-38 ਦੀ ਸਲਿੱਪ ਰੋਡ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਇੱਥੇ ਮੁਲਜ਼ਮਾਂ ਨੇ ਚਾਕੂਨੁਮਾ ਕਿਰਚ ਨਾਲ ਗੋਲੂ ’ਤੇ ਤਾਬੜਤੋੜ ਵਾਰ ਕੀਤੇ। ਉਸ ਦੇ ਸਰੀਰ ’ਤੇ ਕਈ ਥਾਵਾਂ ਗੰਭੀਰ ਚੋਟਾਂ ਆਈਆਂ ਅਤੇ ਉਹ ਲਹੂਲੁਹਾਨ ਹੋ ਕੇ ਸੜਕ ’ਤੇ ਡਿੱਗ ਪਿਆ।
ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਸੜਕ ’ਤੇ ਤੜਫ਼ਦੇ ਗੋਲੂ ਨੂੰ ਕਿਸੇ ਰਾਹਗੀਰ ਨੇ ਵੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਗੋਲੂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦੇ ਹੀ ਸੈਕਟਰ-39 ਥਾਣਾ ਮੁਖੀ, ਫੋਰੈਂਸਿਕ ਟੀਮ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੇ ਖ਼ੂਨ ਦੇ ਨਮੂਨੇ, ਸਕੂਟੀ ਅਤੇ ਹੋਰ ਅਹਿਮ ਸਬੂਤ ਇਕੱਠੇ ਕੀਤੇ ਹਨ।
ਮ੍ਰਿਤਕ ਦੀ ਮਾਂ ਮੀਨਾ ਨੇ ਦੱਸਿਆ ਕਿ ਮੁਲਜ਼ਮ ਸ਼ੰਮੀ, ਗੌਤਮੀ, ਕਿਸ਼ੂ, ਗੋਲੂ ਸਮੇਤ ਹੋਰ ਨੌਜਵਾਨਾਂ ਨਾਲ ਉਨ੍ਹਾਂ ਦੀ ਕਰੀਬ ਇਕ ਸਾਲ ਤੋਂ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਮਹੀਨਾ ਪਹਿਲਾਂ ਵੀ ਮੁਲਜ਼ਮਾਂ ਨੇ ਉਨ੍ਹਾਂ ਦੇ ਇਕ ਰਿਸ਼ਤੇਦਾਰ ’ਤੇ ਸੈਕਟਰ-17 ਵਿਚ ਹਮਲਾ ਕੀਤਾ ਸੀ, ਜਿਸ ਨੇ ਸੈਕਟਰ-17 ਥਾਣਾ ਵਿਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ ਸੀ। ਇਸ ਤੋਂ ਇਲਾਵਾ ਮੁਲਜ਼ਮ ਬਾਪੂਧਾਮ ਅਤੇ ਮੌਲੀਜਾਗਰਾ ਇਲਾਕੇ ਵਿਚ ਵੀ ਪਹਿਲਾਂ ਹਮਲੇ ਕਰ ਚੁੱਕੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਮੀਨਾ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਨ੍ਹਾਂ ਦਾ ਪੁੱਤਰ ਜ਼ਿਊਂਦਾ ਹੁੰਦਾ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।
ਸਵਾ ਮਹੀਨਾ ਪਹਿਲਾਂ ਹੋਈ ਸੀ ਵਿਆਹ
ਮ੍ਰਿਤਕ ਗੋਲੂ ਦੇ ਵਿਆਹ ਨੂੰ ਸ਼ੁੱਕਰਵਾਰ ਨੂੰ ਸਵਾ ਮਹੀਨਾ ਹੋਇਆ ਸੀ। ਸ਼ੁੱਕਰਵਾਰ ਰਾਤ ਉਸ ਦੇ ਘਰ ਵਿਆਹ ਨਾਲ ਸਬੰਧਤ ਚੂੜਾ ਉਤਾਰਨ ਦੀ ਰਸਮ ਹੋਣੀ ਸੀ। ਪਰਿਵਾਰ ਖੁਸ਼ੀ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਗੋਲੂ ਦੀ ਹੱਤਿਆ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ।