ਵਿਆਹ ਦਾ ਝਾਂਸਾ ਦੇ ਕੇ ਮੁਟਿਆਰ ਨਾਲ ਕੀਤਾ ਜਿਨਸੀ ਸੋਸ਼ਣ
ਵਿਆਹ ਦਾ ਝਾਂਸਾ ਦੇ ਕੇ ਮੁਟਿਆਰ ਨਾਲ ਜਿਸਮਾਨੀ ਸ਼ੋਸ਼ਣ, ਪੁਲਿਸ ਨੇ ਦਰਜ ਕੀਤਾ ਕੇਸ
Publish Date: Mon, 30 Mar 2026 08:55 PM (IST)
Updated Date: Mon, 30 Mar 2026 08:57 PM (IST)
ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸ਼ਹਿਰ ਵਿਚ ਵਿਆਹ ਦਾ ਝਾਂਸਾ ਦੇ ਕੇ ਇਕ ਮੁਟਿਆਰ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੀਰਕਪੁਰ ਪੁਲਿਸ ਨੇ ਪੀੜਤ ਮੁਟਿਆਰ ਦੀ ਸ਼ਿਕਾਇਤ ਦੇ ਆਧਾਰ ’ਤੇ ਇਕ ਨੌਜਵਾਨ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਇਹ ਸਿਲਸਿਲਾ ਸਤੰਬਰ 2025 ਵਿਚ ਸ਼ੁਰੂ ਹੋਇਆ ਸੀ। ਉਸ ਨੇ ਜ਼ੀਰਕਪੁਰ ਤੋਂ ਸ਼ਿਮਲਾ ਜਾਣ ਲਈ ਇਕ ਕੈਬ ਬੁੱਕ ਕੀਤੀ ਸੀ, ਜਿਸ ਨੂੰ ਨਿਸ਼ਾਨ ਸਿੰਘ ਚਾਹਲ ਨਾਮਕ ਨੌਜਵਾਨ ਚਲਾ ਰਿਹਾ ਸੀ। ਸ਼ਿਮਲਾ ਪਹੁੰਚਣ ਤੋਂ ਬਾਅਦ ਪੀੜਤਾ ਦਾ ਕੁੱਝ ਕੀਮਤੀ ਸਾਮਾਨ ਗ਼ਲਤੀ ਨਾਲ ਗੱਡੀ ਵਿਚ ਹੀ ਰਹਿ ਗਿਆ ਸੀ। ਪੀੜਤਾ ਅਨੁਸਾਰ ਜਦੋਂ ਉਸ ਨੇ ਅਕਤੂਬਰ ਮਹੀਨੇ ਵਿਚ ਨਿਸ਼ਾਨ ਸਿੰਘ ਨੂੰ ਫ਼ੋਨ ਕਰ ਕੇ ਆਪਣਾ ਸਾਮਾਨ ਵਾਪਸ ਮੰਗਿਆ, ਤਾਂ ਮੁਲਜ਼ਮ ਨੇ ਕਿਹਾ ਕਿ ਉਹ ਜਦੋਂ ਚੰਡੀਗੜ੍ਹ ਆਵੇਗਾ ਤਾਂ ਸਾਮਾਨ ਮੋੜ ਦੇਵੇਗਾ। ਹਾਲਾਂਕਿ, ਨਵੰਬਰ 2025 ਵਿਚ ਮੁਲਜ਼ਮ ਨੇ ਖ਼ੁਦ ਫ਼ੋਨ ਕਰ ਕੇ ਪੀੜਤਾ ਨੂੰ ਕਿਹਾ ਕਿ ਉਹ ਇਸ ਵੇਲੇ ਸ਼ਿਮਲਾ ਵਿਚ ਹੈ ਅਤੇ ਜੇਕਰ ਉਸ ਨੂੰ ਸਾਮਾਨ ਜਲਦੀ ਚਾਹੀਦਾ ਹੈ ਤਾਂ ਉਹ ਉੱਥੇ ਆ ਕੇ ਲੈ ਜਾਵੇ।
ਜਦੋਂ ਪੀੜਤ ਮੁਟਿਆਰ ਆਪਣਾ ਸਾਮਾਨ ਲੈਣ ਲਈ ਸ਼ਿਮਲਾ ਪਹੁੰਚੀ, ਤਾਂ ਮੁਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ ਅਤੇ ਵਿਆਹ ਕਰਨ ਦਾ ਭਰੋਸਾ ਦਿੱਤਾ। ਇਸੇ ਝਾਂਸੇ ਵਿਚ ਰੱਖ ਕੇ ਮੁਲਜ਼ਮ ਨੇ ਉਸ ਦਾ ਜਿਨਸੀ ਸੋਸ਼ਣ ਕੀਤਾ। ਪੀੜਤਾ ਨੇ ਦੱਸਿਆ ਕਿ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਵਿਆਹ ਲਈ ਮਾਰਚ 2026 ਦੀ ਤਰੀਕ ਵੀ ਪੱਕੀ ਕਰ ਦਿੱਤੀ ਗਈ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਜਦੋਂ ਵਿਆਹ ਦੀ ਮਿੱਥੀ ਹੋਈ ਤਰੀਕ ਆਈ, ਤਾਂ ਮੁਲਜ਼ਮ ਨਿਸ਼ਾਨ ਸਿੰਘ ਵਿਆਹ ਕਰਵਾਉਣ ਲਈ ਨਹੀਂ ਪਹੁੰਚਿਆ ਅਤੇ ਉਸ ਦਾ ਫ਼ੋਨ ਵੀ ਬੰਦ ਆਉਣ ਲੱਗਾ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਜਦੋਂ ਕੋਈ ਹੱਲ ਨਾ ਨਿਕਲਿਆ, ਤਾਂ ਪੀੜਤਾ ਨੇ ਜ਼ੀਰਕਪੁਰ ਪੁਲਿਸ ਕੋਲ ਪਹੁੰਚ ਕੀਤੀ। ਜ਼ੀਰਕਪੁਰ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਨਿਸ਼ਾਨ ਸਿੰਘ ਚਾਹਲ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।