ਨੰਨ੍ਹੇ ਵਿਦਿਆਰਥੀਆਂ ਨੇ ਲਾਈ ‘ਆਰਗੈਨਿਕ ਲਿਟਲ ਮਾਰਕੀਟ’
ਨੰਨ੍ਹੇ ਵਿਦਿਆਰਥੀਆਂ ਨੇ ਲਗਾਈ 'ਆਰਗੈਨਿਕ ਲਿਟਲ ਮਾਰਕੀਟ',
Publish Date: Mon, 02 Feb 2026 09:10 PM (IST)
Updated Date: Mon, 02 Feb 2026 09:13 PM (IST)
- ਖੇਡ-ਖੇਡ ’ਚ ਸਿੱਖੇ ਜ਼ਿੰਦਗੀ ਦੇ ਅਸਲ ਗੁਰ ਤੇ ਸਿਹਤਮੰਦ ਜੀਵਨ ਦਾ ਦਿੱਤਾ ਸੁਨੇਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਆਸ਼ਮਾ ਇੰਟਰਨੈਸ਼ਨਲ ਸਕੂਲ ਸੈਕਟਰ-70 ਵੱਲੋਂ ਵਿਦਿਆਰਥੀਆਂ ਲਈ ਅਨੁਭਵਾਤਮਕ ਸਿੱਖਿਆ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਇੱਕ ਨਵੀਨ ਅਤੇ ਰਚਨਾਤਮਕ ਸਰਗਰਮੀ ਕਰਵਾਈ ਗਈ। ਇਸ ਦੌਰਾਨ ਸਕੂਲ ਦੇ ਵਿਹੜੇ ਨੂੰ ਇੱਕ ‘ਰੀਅਲ-ਲਾਈਫ ਲਰਨਿੰਗ ਮਾਰਕੀਟ’ ’ਚ ਤਬਦੀਲ ਕੀਤਾ ਗਿਆ, ਜਿੱਥੇ ਨੰਨ੍ਹੇ-ਮੁੰਨੇ ਬੱਚਿਆਂ ਨੇ ਨਾ ਸਿਰਫ਼ ਦੁਕਾਨਦਾਰ ਅਤੇ ਗਾਹਕ ਬਣ ਕੇ ਵਪਾਰਕ ਗੁਰ ਸਿੱਖੇ, ਸਗੋਂ ਸਮਾਜ ਨੂੰ ‘ਜੰਕ ਫੂਡ’ ਤਿਆਗ ਕੇ ‘ਆਰਗੈਨਿਕ ਸਬਜ਼ੀਆਂ’ ਅਪਣਾਉਣ ਦਾ ਹੋਕਾ ਵੀ ਦਿੱਤਾ।
ਇਸ ਪ੍ਰਦਰਸ਼ਨੀ ਦੀ ਖ਼ਾਸ ਗੱਲ ਇਹ ਰਹੀ ਕਿ ਵਿਦਿਆਰਥੀਆਂ ਨੇ ਹਰੀਆਂ ਸਬਜ਼ੀਆਂ ਦੇ ਗੁਣਾਂ ਬਾਰੇ ਦੱਸਦਿਆਂ ਜੈਵਿਕ ਖੇਤੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬੱਚਿਆਂ ਨੇ ਸਟਾਲਾਂ ’ਤੇ ਖੜ੍ਹ ਕੇ ਗਾਹਕਾਂ ਨੂੰ ਸਮਝਾਇਆ ਕਿ ਬਿਨਾਂ ਰਸਾਇਣਾਂ ਅਤੇ ਕੀਟਨਾਸ਼ਕਾਂ ਤੋਂ ਉਗਾਈਆਂ ਸਬਜ਼ੀਆਂ ਕਿਵੇਂ ਸਾਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦੀਆਂ ਹਨ। ਇਸ ਰਾਹੀਂ ਬੱਚਿਆਂ ਨੇ ਕੁਦਰਤ ਨਾਲ ਜੁੜਨ ਅਤੇ ਸ਼ੁੱਧ ਖਾਣ-ਪੀਣ ਦਾ ਪ੍ਰੇਰਨਾਦਾਇਕ ਸੁਨੇਹਾ ਦਿੱਤਾ। ਇਸ ਨਕਲੀ ਮੰਡੀ ਵਿਚ ਖ਼ਰੀਦਦਾਰੀ ਕਰਦੇ ਹੋਏ ਬੱਚਿਆਂ ਨੇ ਨਕਲੀ ਮੁਦਰਾ ਦੀ ਵਰਤੋਂ ਕਰ ਕੇ ਤੋਲ-ਮਾਪ, ਕੀਮਤਾਂ ਤੈਅ ਕਰਨ ਅਤੇ ਜੋੜ-ਘਟਾਓ ਦੇ ਗਣਿਤਕ ਨਿਯਮਾਂ ਦਾ ਅਭਿਆਸ ਕੀਤਾ। ਇਸ ਅਭਿਆਸ ਰਾਹੀਂ ਬੱਚਿਆਂ ਨੇ ਸੰਚਾਰ ਕੌਸ਼ਲ, ਫ਼ੈਸਲਾ ਲੈਣ ਦੀ ਸਮਰੱਥਾ, ਟੀਮ ਵਰਕ ਅਤੇ ਸਮਾਜਿਕ ਵਤੀਰੇ ਬਾਰੇ ਵੀ ਅਮਲੀ ਸਿੱਖਿਆ ਹਾਸਲ ਕੀਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇਐੱਸ ਕੇਸਰ ਨੇ ਕਿਹਾ ਕਿ ਸਾਡਾ ਉਦੇਸ਼ ਕਲਾਸਰੂਮ ਸਿੱਖਿਆ ਨੂੰ ਹਕੀਕਤ ਨਾਲ ਜੋੜਨਾ ਹੈ, ਤਾਂ ਜੋ ਬੱਚੇ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਲਈ ਵੀ ਤਿਆਰ ਹੋ ਸਕਣ। ਅਜਿਹੀਆਂ ਸਰਗਰਮੀਆਂ ਬੱਚਿਆਂ ਵਿਚ ਉਦਯੋਗਪਤੀ ਸੋਚ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ।