ਪੇਸ਼ੀ ਮਗਰੋਂ ਵਾਪਸ ਆ ਰਹੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ
ਨੌਜਵਾਨ ਦੀ ਦਿਨ ਦਿਹਾੜੇ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ
Publish Date: Fri, 16 Jan 2026 09:08 PM (IST)
Updated Date: Sat, 17 Jan 2026 04:15 AM (IST)

* ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਹੋਏ ਫ਼ਰਾਰ * ਸੜਕ ’ਤੇ ਤੜਫ਼ਦਾ ਰਿਹਾ ਜ਼ਖ਼ਮੀ ਨੌਜਵਾਨ, ਨਹੀਂ ਮਿਲੀ ਸਮੇਂ ਸਿਰ ਮਦਦ ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ੁੱਕਰਵਾਰ ਨੂੰ ਦਿਨ-ਦਿਹਾੜੇ ਜ਼ਿਲ੍ਹਾ ਅਦਾਲਤ ਤੋਂ ਪੇਸ਼ੀ ਮਗਰੋਂ ਵਾਪਸ ਆ ਰਹੇ ਇਕ ਨੌਜਵਾਨ ਦੀ ਭਜਾ-ਭਜਾ ਕੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਜ਼ਖ਼ਮੀ ਨੌਜਵਾਨ ਸੜਕ ’ਤੇ ਤੜਫ਼ਦਾ ਰਿਹਾ, ਪਰ ਸਮੇਂ ਸਿਰ ਮਦਦ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੌਲੀਜਾਗਰਾ ਵਾਸੀ ਗੋਲੂ ਉਰਫ਼ ਕੋਲਿਸ (21) ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ’ਚ ਹੱਤਿਆ ਦਾ ਕਾਰਨ ਰੰਜਿਸ਼ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਗੋਲੂ ਤੇ ਉਸ ਦੀ ਮਾਂ ਮੀਨਾ ਲੜਾਈ-ਝਗੜੇ ਨਾਲ ਸਬੰਧਤ ਮਾਮਲੇ ’ਚ ਪੇਸ਼ੀ ਲਈ ਸੈਕਟਰ-43 ਦੀ ਜ਼ਿਲ੍ਹਾ ਅਦਾਲਤ ਪਹੁੰਚੇ ਸਨ। ਮੁਲਜ਼ਮਾਂ ਨੂੰ ਵੀ ਇਸ ਦੀ ਜਾਣਕਾਰੀ ਸੀ ਤੇ ਉਹ ਪਹਿਲਾਂ ਹੀ ਗੋਲੂ ਦੀ ਉਡੀਕ ਕਰ ਰਹੇ ਸਨ। ਪੇਸ਼ੀ ਤੋਂ ਬਾਅਦ ਗੋਲੂ ਦੀ ਮਾਂ ਮੀਨਾ ਵੱਖਰੇ ਰਾਹ ਨਿਕਲ ਗਈ, ਜਦਕਿ ਗੋਲੂ ਕਿਸੇ ਤਰ੍ਹਾਂ ਬਚਦਾ ਹੋਇਆ ਸੈਕਟਰ-38 ’ਚ ਆਪਣੇ ਇਕ ਦੋਸਤ ਦੇ ਘਰ ਪਹੁੰਚ ਗਿਆ। ਦੋਸਤ ਨੇ ਵੀ ਗੋਲੂ ਨੂੰ ਦੱਸਿਆ ਕਿ ਮੁਲਜ਼ਮ ਉਸ ਦੀ ਭਾਲ ਕਰ ਰਹੇ ਹਨ ਤੇ ਉਸ ਨੂੰ ਤੁਰੰਤ ਉੱਥੋਂ ਨਿਕਲ ਜਾਣਾ ਚਾਹੀਦਾ ਹੈ। ਜਦੋਂ ਗੋਲੂ ਉੱਥੋਂ ਨਿਕਲਿਆ ਤਾਂ ਬੁਲਟ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਸ ਦਾ ਪਿੱਛਾ ਕਰਨ ਲੱਗ ਪਏ। ਜਿਨ੍ਹਾਂ ਦੇ ਹੱਥਾਂ ’ਚ ਹਥਿਆਰ ਸਨ। ਮੁਲਜ਼ਮਾਂ ਨੇ ਪਹਿਲਾਂ ਬੀਜੇਪੀ ਦਫ਼ਤਰ ਸਾਹਮਣੇ ਗੋਲੂ ’ਤੇ ਚਾਕੂਆਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਜਦੋਂ ਗੋਲੂ ਦੁਪਹਿਰ ਕਰੀਬ 3 ਵਜੇ ਸੈਕਟਰ-38 ਦੀ ਸਲਿੱਪ ਰੋਡ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ। ਇੱਥੇ ਮੁਲਜ਼ਮਾਂ ਨੇ ਚਾਕੂਨੁਮਾ ਕਿਰਚ ਨਾਲ ਗੋਲੂ ’ਤੇ ਤਾਬੜ-ਤੋੜ ਵਾਰ ਕੀਤੇ। ਉਹ ਲਹੂਲੁਹਾਨ ਹੋ ਕੇ ਸੜਕ ’ਤੇ ਡਿੱਗ ਪਿਆ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਸੜਕ ’ਤੇ ਤੜਫ਼ਦੇ ਗੋਲੂ ਨੂੰ ਕਿਸੇ ਰਾਹਗੀਰ ਨੇ ਵੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ। ਗੋਲੂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਸੈਕਟਰ-39 ਥਾਣਾ ਮੁਖੀ, ਫੋਰੈਂਸਿਕ ਟੀਮ ਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੇ ਖ਼ੂਨ ਦੇ ਨਮੂਨੇ, ਸਕੂਟੀ ਤੇ ਹੋਰ ਅਹਿਮ ਸਬੂਤ ਇਕੱਠੇ ਕੀਤੇ ਹਨ। ਮ੍ਰਿਤਕ ਦੀ ਮਾਂ ਮੀਨਾ ਨੇ ਦੱਸਿਆ ਕਿ ਮੁਲਜ਼ਮ ਸ਼ੰਮੀ, ਗੌਤਮੀ, ਕਿਸ਼ੂ, ਗੋਲੂ ਸਮੇਤ ਹੋਰ ਨੌਜਵਾਨਾਂ ਨਾਲ ਉਨ੍ਹਾਂ ਦੀ ਕਰੀਬ ਇਕ ਸਾਲ ਤੋਂ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਕ ਮਹੀਨਾ ਪਹਿਲਾਂ ਵੀ ਮੁਲਜ਼ਮਾਂ ਨੇ ਉਨ੍ਹਾਂ ਦੇ ਇਕ ਰਿਸ਼ਤੇਦਾਰ ’ਤੇ ਸੈਕਟਰ-17 ’ਚ ਹਮਲਾ ਕੀਤਾ ਸੀ, ਜਿਸ ਨੇ ਸੈਕਟਰ-17 ਥਾਣਾ ’ਚ ਦਾਖ਼ਲ ਹੋ ਕੇ ਆਪਣੀ ਜਾਨ ਬਚਾਈ ਸੀ। ਇਸ ਤੋਂ ਇਲਾਵਾ ਮੁਲਜ਼ਮ ਬਾਪੂਧਾਮ ਤੇ ਮੌਲੀਜਾਗਰਾ ਇਲਾਕੇ ’ਚ ਵੀ ਪਹਿਲਾਂ ਹਮਲੇ ਕਰ ਚੁੱਕੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ। ਮੀਨਾ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਉਨ੍ਹਾਂ ਦਾ ਪੁੱਤਰ ਜ਼ਿਊਂਦਾ ਹੁੰਦਾ। ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਸਵਾ ਮਹੀਨਾ ਪਹਿਲਾਂ ਹੋਈ ਸੀ ਵਿਆਹ ਮ੍ਰਿਤਕ ਗੋਲੂ ਦੇ ਵਿਆਹ ਨੂੰ ਸ਼ੁੱਕਰਵਾਰ ਨੂੰ ਸਵਾ ਮਹੀਨਾ ਹੋਇਆ ਸੀ। ਸ਼ੁੱਕਰਵਾਰ ਰਾਤ ਉਸ ਦੇ ਘਰ ਵਿਆਹ ਨਾਲ ਸਬੰਧਤ ਚੂੜਾ ਉਤਾਰਨ ਦੀ ਰਸਮ ਹੋਣੀ ਸੀ। ਪਰਿਵਾਰ ਖੁਸ਼ੀ ਦੀਆਂ ਤਿਆਰੀਆਂ ਵਿਚ ਲੱਗਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਗੋਲੂ ਦੀ ਹੱਤਿਆ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ’ਚ ਪਾ ਦਿੱਤਾ।