ਝਾਮਪੁਰ ਦੀਆਂ ਗ਼ੈਰ-ਕਾਨੂੰਨੀ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ
ਝਾਮਪੁਰ ਦੀਆਂ ਗ਼ੈਰ-ਕਾਨੂੰਨੀ ਉਸਾਰੀਆਂ ’ਤੇ ਚੱਲਿਆ ਪੀਲਾ ਪੰਜਾ
Publish Date: Thu, 12 Mar 2026 07:37 PM (IST)
Updated Date: Thu, 12 Mar 2026 07:39 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਗਮਾਡਾ ਦੀ ਰੈਗੂਲੇਟਰੀ ਬਰਾਂਚ ਦੀ ਟੀਮ ਵੱਲੋਂ ਗ਼ੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਮੁਹਾਲੀ ਜ਼ਿਲ੍ਹੇ ਦੇ ਪਿੰਡ ਝਾਮਪੁਰ ਵਿਚ ਲਗਭਗ 45 ਤੋਂ 50 ਤੱਕ ਗ਼ੈਰ-ਕਾਨੂੰਨੀ ਤਰੀਕੇ ਨਾਲ ਬਣ ਰਹੀਆਂ ਜਾਂ ਬਣ ਚੁੱਕੀਆਂ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਝਾਮਪੁਰ ਦੇ ਖੇਤਰ ’ਚ ਬਿਨਾਂ ਮਨਜ਼ੂਰੀ ਦੇ ਕਈ ਮਕਾਨ, ਕਮਰਸ਼ੀਅਲ ਦੁਕਾਨਾਂ ਅਤੇ ਹੋਰ ਢਾਂਚੇ ਬਣਾਏ ਜਾ ਰਹੇ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗਮਾਡਾ ਦੀ ਰੈਗੂਲੇਟਰੀ ਬਰਾਂਚ ਨੇ ਪਹਿਲਾਂ ਵੀ ਚੇਤਾਵਨੀਆਂ ਜਾਰੀ ਕੀਤੀਆਂ ਸਨ, ਪਰ ਲੋਕਾਂ ਵੱਲੋਂ ਉਨ੍ਹਾਂ ਨੂੰ ਅਣਡਿੱਠਾ ਕੀਤਾ ਗਿਆ। ਵੀਰਵਾਰ ਨੂੰ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਬਿਨ੍ਹਾਂ ਮਨਜ਼ੂਰੀ ਦੇ ਪਲਾਟਿੰਗ ਅਤੇ ਨਿਰਮਾਣ ਕਰਨ ਵਾਲਿਆਂ ਖ਼ਿਲਾਫ਼ ਆਉਣ ਵਾਲੇ ਸਮੇਂ ਵਿਚ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਤੋਂ ਪਹਿਲਾਂ ਸਬੰਧਤ ਵਿਭਾਗ ਤੋਂ ਲਾਜ਼ਮੀ ਮਨਜ਼ੂਰੀ ਲੈਣ, ਨਹੀਂ ਤਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਗਮਾਡਾ ਦੀ ਰੈਗੂਲੇਟਰੀ ਬਰਾਂਚ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਕਿ ਸਰਕਾਰ ਵੱਲੋਂ ਗ਼ੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਤਹਿਤ ਜਿੱਥੇ ਵੀ ਬਿਨਾਂ ਮਨਜ਼ੂਰੀ ਨਿਰਮਾਣ ਹੋਣ ਦੀ ਜਾਣਕਾਰੀ ਮਿਲੇਗੀ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਇਲਾਕਿਆਂ ’ਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਾਰੀ ਰਹਿਣਗੀਆਂ।