ਲੱਖ-ਦਾਤਾ ਪੀਰ ਦੀ ਯਾਦ ਵਿਚ ਕੁਸ਼ਤੀ ਦੰਗਲ ਕਰਵਾਇਆ
ਲੱਖ-ਦਾਤਾ ਪੀਰ ਦੀ ਯਾਦ ਵਿਚ ਕੁਸ਼ਤੀ ਦੰਗਲ ਕਰਵਾਇਆ
Publish Date: Thu, 15 Jan 2026 06:25 PM (IST)
Updated Date: Thu, 15 Jan 2026 06:27 PM (IST)

ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਲੱਖ-ਦਾਤਾ ਪੀਰ ਪ੍ਰਬੰਧਕ ਕਮੇਟੀ ਪਿੰਡ ਕਸੌਲੀ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਵਾਹਰ ਸਿੰਘ ਹਰੀਪੁਰ ਵਾਲਿਆਂ ਦੇ ਸਾਲਾਨਾ ਮੇਲੇ ਮੌਕੇ ਕੁਸ਼ਤੀ ਦੰਗਲ ਕਰਵਾਇਆ ਗਿਆ। ਠੰਢ ਦੇ ਮੌਸਮ ’ਚ ਨੰਗੇ ਪਿੰਡੇ ਠੰਢੀ ਧਰਤੀ ’ਤੇ ਹੋਏ ਦੰਗਲ ਦੌਰਾਨ ਵੱਡੀ ਝੰਡੀ ਦੀ ਕੁਸ਼ਤੀ ਵਿਚ ਪਹਿਲਵਾਨ ਰਾਜੂ ਰਾਈਏਵਾਲ ਤੇ ਪਰਦੀਪ ਜ਼ੀਰਕਪੁਰ ਦਰਮਿਆਨ ਕਰੀਬ ਕਰੀਬ 15 ਮਿੰਟ ਹੋਇਆ ਮੁਕਾਬਲਾ ਨਤੀਜੇ ਵਜੋਂ ਬਰਾਬਰ ਰਿਹਾ ਅਤੇ ਸਵਾ ਇਕ ਲੱਖ ਰੁਪਏ ਦਾ ਨਕਦ ਇਨਾਮ ਦੋਨਾਂ ਵਿਚਕਾਰ ਬਰਾਬਰ ਵੰਡਿਆ ਗਿਆ। ਪ੍ਰਬੰਧਕਾਂ ਸਾਬਕਾ ਸਰਪੰਚ ਸੋਮਨਾਥ, ਸਰਪੰਚ ਯੋਗਰਾਜ, ਰਿੰਕੂ, ਗੁਰਨਾਮ ਸਿੰਘ, ਪਰਮਜੀਤ ਪੰਮੀ ਦੋਜ਼ੀ, ਮੱਘਰ ਸਿੰਘ, ਵਰਿੰਦਰ, ਹਰੀਸ਼, ਭੀਮ, ਦਲਜੀਤ, ਗੁਰਦੇਵ ਸਿੰਘ ਸਮੇਤ ਪਤਵੰਤੇ ਸੱਜਣਾਂ ਆਪ ਆਗੂ ਹਰਮੇਸ਼ ਮੇਸ਼ੀ ਕਾਂਸਲ ਤੇ ਭਾਜਪਾ ਆਗੂ ਬਲਵੀਰ ਬਿੱਲਾ ਕੈਂਬਾਲਾ ਨੇ ਕੁਸ਼ਤੀਆਂ ਦੀ ਸ਼ੁਰੂਆਤ ਕਰਵਾਈ। 51 ਹਜ਼ਾਰ ਰੁਪਏ ਇਨਾਮ ਵਾਲੀ ਦੋ ਨੰਬਰ ਦੀ ਝੰਡੀ ਵਿਚ ਸੀਪਾ ਰਾਈਏਵਾਲ ਨੇ ਸੁਖਚੈਨ ਹਰਿਆਣਾ ਨੂੰ ਚਿੱਤ ਕੀਤਾ। ਇੱਕੀ ਹਜ਼ਾਰ ਰੁਪਏ ਵਾਲੀ ਤੀਜੀ ਝੰਡੀ ਵਿਚ ਦੀਪੂ ਭੋਗਪੁਰ ਨੇ ਆਰਿਫ ਰਾਈਏਵਾਲ ਨੂੰ ਢਾਹ ਲਿਆ। ਜਦਕਿ ਆਸ਼ੂ ਪੜਛ ਨੇ ਮਨਜੂਰ ਮੁੱਲਾਂਪੁਰ ਨੂੰ, ਸੰਦੀਪ ਸ਼ਿਵਾ ਕਸੌਲੀ ਨੇ ਸ਼ਾਹਿਦ ਯੂਪੀ ਨੂੰ, ਜਸਵੀਰ ਪੜਛ ਨੇ ਮਨਜੀਤ ਨੂੰ, ਹਰਪ੍ਰੀਤ ਚਮਕੌਰ ਸਾਹਿਬ ਨੇ ਗੁਰਪ੍ਰੀਤ ਅੰਬਾਲਾ ਨੂੰ, ਵਿਕਾਸ ਰਾਈਏਵਾਲ ਨੇ ਅਭਿਸ਼ੇਕ ਕਾਂਗੜਾ ਨੂੰ ਚਿੱਤ ਕੀਤਾ। ਮੁੱਖ ਮਹਿਮਾਨਾਂ ਵਿਚ ਹਲਕਾ ਵਿਧਾਇਕ ਬੀਬੀ ਅਨਮੋਲ ਗਗਨਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਗੁੜਾ ਨੇ ਸ਼ਿਰਕਤ ਕਰਦਿਆਂ ਪ੍ਰਬੰਧਕਾਂ ਵੱਲੋਂ ਕੀਤੇ ਉਦਮ ਦੀ ਸ਼ਾਲਾਘਾ ਕੀਤੀ। ਯੋਗੇਸ਼ ਧੀਮਾਨ ਡੱਡੂ ਮਾਜਰਾ ਤੇ ਦੀਪੂ ਕਾਂਗੜਾ ਨੇ ਕੁਮੈਂਟਰੀ ਕੀਤੀ।