ਹਲਕਾ ਵਿਧਾਇਕ ਵੱਲੋਂ ਕੀਤੇ ਉਦਘਾਟਨ ਦੇ ਤਿੰਨ ਮਹੀਨਿਆਂ ਬਾਅਦ ਵੀ ਸ਼ੁਰੂ ਨਾ ਹੋਇਆ ਕੰਮ
ਉਦਘਾਟਨ ਦੇ 3 ਮਹੀਨਿਆਂ ਬਾਅਦ ਵੀ ਸ਼ੁਰੂ ਨਾ ਹੋਇਆ ਕੰਮ
Publish Date: Wed, 28 Jan 2026 05:28 PM (IST)
Updated Date: Wed, 28 Jan 2026 05:31 PM (IST)

ਦਸਮੇਸ਼ ਨਗਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸੇ, ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਬਰਵਾਲਾ ਰੋਡ ’ਤੇ ਸਥਿਤ ਪਿੰਡ ਸੈਦਪੁਰਾ ਨੇੜੇ ਪੈਂਦੀ ਦਸਮੇਸ਼ ਨਗਰ ਕਾਲੋਨੀ ਦੇ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਦੁਖੀ ਹੋਏ ਲੋਕ ਨਗਰ ਕੌਂਸਲ ਅਧਿਕਾਰੀਆਂ ਨੂੰ ਕੋਸ ਰਹੇ ਹਨ। ਕਾਲੋਨੀ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 25 ਅਕਤੂਬਰ 2025 ਨੂੰ ਹਲਕਾ ਵਿਧਾਇਕ ਨੇ ਨਗਰ ਕੌਂਸਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਕੰਮ ਸ਼ੁਰੂ ਕਰਵਾਇਆ ਸੀ। ਉਸ ਸਮੇਂ ਵਿਧਾਇਕ ਨੇ ਦਾਅਵਾ ਕੀਤਾ ਸੀ ਕਿ ਇੱਥੇ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਵੇਗੀ, ਲੇਕਿਨ ਅੱਜ ਤੱਕ ਕੋਈ ਕੰਮ ਸ਼ੁਰੂ ਨਹੀਂ ਹੋ ਸਕਿਆ। ਕਾਲੋਨੀ ਵਾਸੀਆਂ ਨੇ ਕਿਹਾ ਪਹਿਲਾਂ ਗਲੀਆਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਸਾਫ਼-ਸਫ਼ਾਈ ਦਾ ਬਹੁਤ ਮਾੜਾ ਹਾਲ ਸੀ, ਹੁਣ ਬਾਰਿਸ਼ ਹੋਣ ’ਤੇ ਚਿੱਕੜ ਹੋ ਗਿਆ। ਚਿੱਕੜ ਕਾਰਨ ਗਲੀਆਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਨਗਰ ਕੌਂਸਲ ਵਿਚ ਸ਼ਿਕਾਇਤ ਲਈ ਗਏ ਪਰ ਅਧਿਕਾਰੀ ਸ਼ਿਕਾਇਤਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਦਘਾਟਨ ਸਮੇਂ ਫੋਟੋਆਂ ਖਿਚਵਾਉਣ ਲਈ ਮੌਕੇ ’ਤੇ ਜੇਸੀਬੀ ਮਸ਼ੀਨ ਵੀ ਮਗਵਾ ਕੇ ਖੜ੍ਹੀ ਕੀਤੀ ਸੀ, ਜੋ ਬਾਅਦ ਵਿਚ ਬਿਨਾਂ ਕਿਸੇ ਕੰਮ ਕਰਵਾਏ ਵਾਪਸ ਭੇਜ ਦਿੱਤੀ ਗਈ। ਕਾਲੋਨੀ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਉਮੀਦ ਜਤਾਈ ਹੈ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਵਾਲੇ ਕੰਮ ਸ਼ੁਰੂ ਕਰਵਾਉਣ।