ਮਾਨ ਸਰਕਾਰ ਦੀ ਗਾਰੰਟੀ ਪੂਰੀ ਹੋਣ ਦੀ ਖੁਸ਼ੀ ’ਚ ਔਰਤਾਂ ਵੱਲੋਂ ਖੁਸ਼ੀਆਂ ਭਰੀ ਜਾਗੋ
ਮਾਨ ਸਰਕਾਰ ਦੀ ਗਰੰਟੀ ਪੂਰੀ ਹੋਣ ਦੀ ਖੁਸ਼ੀ ਵਿਚ ਔਰਤਾਂ ਵੱਲੋਂ ਖੁਸ਼ੀਆਂ ਭਰੀ ਜਾਗੋ
Publish Date: Fri, 13 Mar 2026 06:48 PM (IST)
Updated Date: Fri, 13 Mar 2026 06:51 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮਾਨ ਸਰਕਾਰ ਵੱਲੋਂ ਮਾਵਾਂ-ਧੀਆਂ ਲਈ 1,000 ਰੁਪਏ ਪ੍ਰਤੀ ਮਹੀਨਾ ਅਤੇ ਐੱਸਸੀ ਵਰਗ ਦੀਆਂ ਔਰਤਾਂ ਲਈ 1,500 ਰੁਪਏ ਪ੍ਰਤੀ ਮਹੀਨਾ ਦੀ ਗਾਰੰਟੀ ਪੂਰੀ ਕਰਨ ਦੀ ਖੁਸ਼ੀ ਵਿਚ ਹਲਕਾ ਡੇਰਾਬੱਸੀ ਵਿਚ ਔਰਤਾਂ ਵੱਲੋਂ ਖੁਸ਼ੀਆਂ ਭਰੀ ਜਾਗੋ ਕੱਢੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਮਾਵਾਂ-ਭੈਣਾਂ ਨੇ ਹਿੱਸਾ ਲਿਆ ਅਤੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਔਰਤਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਲਿਆ ਗਿਆ ਇਹ ਫ਼ੈਸਲਾ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਘਰ-ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਮਿਲੇਗੀ ਅਤੇ ਔਰਤਾਂ ਨੂੰ ਆਤਮਨਿਰਭਰ ਬਣਨ ਲਈ ਹੌਸਲਾ ਮਿਲੇਗਾ। ਇਸ ਮੌਕੇ ਹਲਕੇ ਦੀਆਂ ਔਰਤਾਂ ਨੇ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਅਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਪੰਜਾਬ ਦੀਆਂ ਮਾਵਾਂ-ਧੀਆਂ ਲਈ ਵੱਡੀ ਸਹਾਇਤਾ ਸਾਬਤ ਹੋਵੇਗੀ ਅਤੇ ਇਸ ਨਾਲ ਸਮਾਜ ਵਿਚ ਔਰਤਾਂ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ।