ਮੁਹਾਲੀ ਨੂੰ ਸੁੰਦਰ ਬਣਾਉਣ ਲਈ ਨਿਭਾਉਣਗੇ ਇਕ ਟੀਮ ਵਜੋਂ ਭੂਮਿਕਾ : ਸੰਯੁਕਤ ਕਮਿਸ਼ਨਰ
ਮੁਹਾਲੀ ਨੂੰ ਸੁੰਦਰ ਬਣਾਉਣ ਲਈ ਨਿਭਾਉਣਗੇ ਇਕ ਟੀਮ ਵਜੋਂ ਭੂਮਿਕਾ : ਸੰਯੁਕਤ ਕਮਿਸ਼ਨਰ
Publish Date: Sat, 07 Mar 2026 08:28 PM (IST)
Updated Date: Sun, 08 Mar 2026 04:18 AM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਨਗਰ ਨਿਗਮ ਮੁਹਾਲੀ ਦੇ ਸੰਯੁਕਤ ਕਮਿਸ਼ਨਰ ਨੇ ਸ਼ਹਿਰ ਦੇ ਵਸਨੀਕਾਂ ਨੂੰ ਕੂੜਾ ਪ੍ਰਬੰਧਨ ਤੇ ਸਫ਼ਾਈ ਮੁਹਿੰਮ ਵਿਚ ਨਗਰ ਨਿਗਮ ਦੇ ਬਰਾਬਰ ਦੇ ਭਾਗੀਦਾਰ ਬਣਨ ਦੀ ਅਪੀਲ ਕੀਤੀ ਹੈ। ਮੁਹਾਲੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਸ਼ਹਿਰ ਹੈ ਅਤੇ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਪ੍ਰਸ਼ਾਸਨ ਅਤੇ ਜਨਤਾ ਦਾ ਇਕਜੁੱਟ ਹੋਣਾ ਲਾਜ਼ਮੀ ਹੈ। ਅਕਸਰ ਅਸੀਂ ਆਪਣੇ ਘਰਾਂ ਨੂੰ ਸਾਫ਼ ਰੱਖਣ ਲਈ ਤਤਪਰ ਰਹਿੰਦੇ ਹਾਂ, ਜੇਕਰ ਅਸੀਂ ਸੜਕਾਂ ਅਤੇ ਸਰਵਜਨਕ ਥਾਵਾਂ ਨੂੰ ਵੀ ਆਪਣੇ ਘਰ ਦਾ ਹੀ ਹਿੱਸਾ ਮੰਨਣਾ ਸ਼ੁਰੂ ਕਰ ਦੇਈਏ, ਤਾਂ ਸਾਡਾ ਸ਼ਹਿਰ ਮਿਸਾਲੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਂਝੀਆਂ ਥਾਵਾਂ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਨਾ ਸਿਰਫ਼ ਬਿਮਾਰੀਆਂ ਨੂੰ ਦੂਰ ਰੱਖੇਗੀ, ਸਗੋਂ ਦਿਨ-ਰਾਤ ਮਿਹਨਤ ਕਰਨ ਵਾਲੇ ਸਫ਼ਾਈ ਕਰਮਚਾਰੀਆਂ ਦੇ ਮਨੋਬਲ ਨੂੰ ਵੀ ਵਧਾਏਗੀ। ਸਫ਼ਾਈ ਕਰਮਚਾਰੀਆਂ ਨੂੰ ਸਾਥੀ ਵਜੋਂ ਮਿਲੇ ਸਤਿਕਾਰ : ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਿਹਨਤ ਕਰਨ ਵਾਲੇ ਹਰ ਵਿਅਕਤੀ ਦੀ ਇੱਜ਼ਤ ਕਰਨੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਲੋਕ ਕੂੜੇ ਨੂੰ ਸਰੋਤ ਤੇ ਹੀ ਵੱਖ-ਵੱਖ ਕਰ ਕੇ ਦੇਣ, ਤਾਂ ਸਫ਼ਾਈ ਕਰਮਚਾਰੀਆਂ ਨੂੰ ਗੰਦਗੀ ਵਿਚ ਹੱਥ ਨਹੀਂ ਪਾਉਣੇ ਪੈਣਗੇ। ਇਹ ਸਾਡੇ ਸਫ਼ਾਈ ਸਾਥੀਆਂ ਦੀ ਸਿਹਤ ਤੇ ਇੱਜ਼ਤ, ਦੋਵਾਂ ਲਈ ਇਕ ਵੱਡਾ ਸਹਿਯੋਗ ਹੋਵੇਗਾ। ਜ਼ਿੰਮੇਵਾਰੀ ਦੀ ਮਿਸਾਲ ਤੇ ਸਹਿਯੋਗ : ਜੁਆਇੰਟ ਕਮਿਸ਼ਨਰ ਨੇ ਦੱਸਿਆ ਕਿ ਹਾਲ ਹੀ ਵਿਚ ਸੈਕਟਰ-77 ਦੇ ਰਿਸੋਰਸ ਮੈਨੇਜਮੈਂਟ ਸੈਂਟਰ ਦੇ ਦੌਰੇ ਦੌਰਾਨ ਇਕ ਅਜਿਹੀ ਘਟਨਾ ਸਾਹਮਣੇ ਆਈ ਜਿੱਥੇ ਜਾਗਰੂਕਤਾ ਦੀ ਕਮੀ ਕਾਰਨ ਇਕ ਜੋੜਾ ਦੂਰੋਂ ਆ ਕੇ ਖੁੱਲ੍ਹੇ ਵਿਚ ਕੂੜਾ ਸੁੱਟ ਰਿਹਾ ਸੀ, ਜਿਸ ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਪਈ। ਉਨ੍ਹਾਂ ਸਮਝਾਇਆ ਕਿ ਜੇਕਰ ਅਸੀਂ ਘਰ ਵਿਚ ਹੀ ਹਰਾ ਕੂੜਾ ਖਾਦ ਲਈ ਤੇ ਸੁੱਕਾ ਕੂੜਾ (ਪਲਾਸਟਿਕ/ਕਾਗਜ਼) ਵੱਖ ਕਰ ਲਈਏ, ਤਾਂ ਅਸੀਂ ਵਾਤਾਵਰਨ ਦੀ ਸੰਭਾਲ ਦੇ ਨਾਲ-ਨਾਲ ਗਰੀਬ ਕਬਾੜੀਆਂ ਦੀ ਰੋਜ਼ੀ-ਰੋਟੀ ਵਿਚ ਵੀ ਮਦਦਗਾਰ ਸਾਬਤ ਹੋ ਸਕਦੇ ਹਾਂ। ਸੁਸਾਇਟੀਆਂ ਤੇ ਫਲੈਟਾਂ ਲਈ ਸਾਂਝੀ ਅਪੀਲ : ਉਨ੍ਹਾਂ ਖ਼ਾਸ ਕਰ ਕੇ ਫਲੈਟਾਂ ਅਤੇ ਵੱਡੀਆਂ ਸੁਸਾਇਟੀਆਂ ਵਿਚ ਰਹਿੰਦੇ ਵਸਨੀਕਾਂ ਨੂੰ ‘ਬਲਕ ਵੇਸਟ ਜਨਰੇਟਰ’ ਵਜੋਂ ਆਪਣੀ ਅਹਿਮ ਭੂਮਿਕਾ ਪਛਾਣਨ ਦੀ ਅਪੀਲ ਕੀਤੀ। ਸੁਸਾਇਟੀ ਪੱਧਰ ਤੇ ਕੂੜੇ ਦਾ ਪ੍ਰਬੰਧ ਕਰ ਕੇ ਤੇ ਕੂੜਾ ਸਾੜਨ ਤੋਂ ਪਰਹੇਜ਼ ਕਰ ਕੇ ਉਹ ਇਸ ਮਿਸ਼ਨ ਦੇ ਅਹਿਮ ਹਿੱਸੇਦਾਰ ਬਣ ਸਕਦੇ ਹਨ। ਅੰਤ ਵਿਚ ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਟੀਮ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਵਚਨਬੱਧ ਹੈ ਪਰ ਇਸ ਮੁਹਿੰਮ ਦੀ ਅਸਲ ਕਾਮਯਾਬੀ ਉਦੋਂ ਹੀ ਸੰਭਵ ਹੈ, ਜਦੋਂ ਸ਼ਹਿਰ ਦਾ ਹਰ ਵਸਨੀਕ ਨਗਰ ਨਿਗਮ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ।