ਪ੍ਰਾਈਵੇਟ ਸਕੂਲਾਂ ਦੀ ਲੁੱਟ ਖ਼ਿਲਾਫ਼ ਮੁਹਿੰਮ ਛੇੜਾਂਗੇ : ਦਲਵਿੰਦਰ ਬੈਨੀਪਾਲ
ਪ੍ਰਾਈਵੇਟ ਸਕੂਲਾਂ ਦੀ ਲੁੱਟ ਖ਼ਿਲਾਫ਼ ਮੁਹਿੰਮ ਛੇੜਾਂਗੇ : ਦਲਵਿੰਦਰ ਬੈਨੀਪਾਲ
Publish Date: Mon, 06 Apr 2026 09:44 PM (IST)
Updated Date: Mon, 06 Apr 2026 09:47 PM (IST)

ਸ਼੍ਰੀ ਗਣੇਸ਼, ਪੰਜਾਬੀ ਜਾਗਰਣ, ਕੁਰਾਲੀ : ਕੁਰਾਲੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਜਿਸ ਤਰ੍ਹਾਂ ਬੱਚੇ ਦੀ ਵਰਦੀਧਾਰੀ ਮਹਿਲਾ ਇੰਸਪੈਕਟਰ ਮਾਂ ਨੂੰ ਧੱਕੇ ਮਾਰੇ ਗਏ ਸਾਬਤ ਕਰਦਾ ਹੈ ਕਿ ਬੱਚਿਆਂ ਦੀ ਪੜ੍ਹਾਈ ਦੀ ਆੜ ਹੇਠ ਬਦਸਲੂਕੀ ਕੀਤੀ ਜਾਂਦੀ ਹੈ ਤੇ ਹੁਣ ਇਨ੍ਹਾਂ ’ਤੇ ਇਲਾਕੇ ਦੇ ਸਹਿਯੋਗ ਨਾਲ ਨੱਥ ਕੱਸਣ ਦਾ ਸਮਾਂ ਆ ਗਿਆ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਬੈਨੀਪਾਲ ਗਰੁੱਪ ਦੇ ਆਗੂ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਪ੍ਰੈਲ ਦੇ ਮਹੀਨੇ ਹਰ ਸਾਲ ਪ੍ਰਾਈਵੇਟ ਸਕੂਲਾਂ ਵੱਲੋਂ ਦਾਖ਼ਲੇ ਦੇ ਨਾਮ ’ਤੇ ਮਾਪਿਆਂ ਨੂੰ ਵਰਦੀਆਂ, ਕਿਤਾਬਾਂ ਤੇ ਦਾਖ਼ਲਿਆਂ ਦੀਆਂ ਮੋਟੀਆਂ ਫੀਸਾਂ ਥੋਪ ਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ’ਤੇ ਵੋਟਾਂ ਲੈਣ ਵਾਲੀ ਪੰਜਾਬ ਸਰਕਾਰ ਚੁੱਪਚਾਪ ਕਮਿਸ਼ਨ ਦਾ ਖੇਡ ਵੇਖ ਰਹੀ ਹੈ ਅਤੇ ਮਾਪੇ ਮਹਿੰਗੇ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਬਣ ਰਹੇ ਹਨ। ਉਨ੍ਹਾਂ ਸੱਪਸ਼ਟ ਕੀਤਾ ਕਿ ਬੈਨੀਪਾਲ ਗਰੁੱਪ ਧੱਕੇਸ਼ਾਹੀ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਵਰਦੀਧਾਰੀ ਮਹਿਲਾ ਇੰਸਪੈਕਟਰ ਮਾਂ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਵੀ ਲਾਉਣਾ ਪਿਆ ਤਾਂ ਪਿੱਛੇ ਨਹੀਂ ਹਟਾਂਗੇ ਅਤੇ ਕਿਤਾਬਾਂ, ਵਰਦੀਆਂ ਤੇ ਮੋਟੀਆਂ ਫੀਸਾਂ ਖ਼ਿਲਾਫ਼ ਵੀ ਇਲਾਕੇ ਦੇ ਲੋਕਾਂ ਤੇ ਹਮ-ਖ਼ਿਆਲੀ ਆਗੂਆਂ ਨੂੰ ਨਾਲ ਲੈ ਕੇ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਸਰਪੰਚ ਗੁਰਮੀਤ ਸਿੰਘ ਮਾਜਰੀ, ਅੱਤਰ ਸਿੰਘ ਕੰਸਾਲਾ, ਰਣਜੀਤ ਸਿੰਘ ਕਾਕਾ ਮਾਰਸ਼ਲ, ਜਿੰਦ ਬਡਾਲੀ, ਵਨੀਤ ਕਾਲੀਆ, ਸਾਬਕਾ ਐੱਮਸੀ ਦੀਸ਼ਾ ਕਾਦੀਮਾਜਰਾ, ਬਾਬਾ ਰਣਧੀਰ ਸਿੰਘ ਆਦਿ ਹਾਜ਼ਰ ਸਨ।