ਕੌਣ ਹਨ ਸਾਂਸਦ ਅਸ਼ੋਕ ਮਿੱਤਲ? AAP ਨੇ ਰਾਘਵ ਚੱਢਾ ਨੂੰ ਹਟਾ ਕੇ ਬਣਾਇਆ ਸੀ ਰਾਜਸਭਾ 'ਚ ਡਿਪਟੀ ਲੀਡਰ
ਸ਼ੁੱਕਰਵਾਰ (24 ਅਪ੍ਰੈਲ, 2026) ਨੂੰ ਆਮ ਆਦਮੀ ਪਾਰਟੀ (AAP) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਆਪ ਦੇ ਰਾਜਸਭਾ ਮੈਂਬਰ ਰਾਘਵ ਚੱਢਾ, ਡਾ. ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ। 'ਆਪ' ਦੇ ਇਹਨਾਂ ਦਿੱਗਜ ਆਗੂਆਂ ਨੇ ਭਾਜਪਾ (BJP) ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
Publish Date: Fri, 24 Apr 2026 04:46 PM (IST)
Updated Date: Fri, 24 Apr 2026 04:51 PM (IST)

ਡਿਜੀਟਲ ਡੈਸਕ, ਚੰਡੀਗੜ੍ਹ: ਸ਼ੁੱਕਰਵਾਰ (24 ਅਪ੍ਰੈਲ, 2026) ਨੂੰ ਆਮ ਆਦਮੀ ਪਾਰਟੀ (AAP) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਆਪ ਦੇ ਰਾਜਸਭਾ ਮੈਂਬਰ ਰਾਘਵ ਚੱਢਾ, ਡਾ. ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਤੋਂ ਅਸਤੀਫ਼ੇ ਦਾ ਐਲਾਨ ਕਰ ਦਿੱਤਾ। 'ਆਪ' ਦੇ ਇਹਨਾਂ ਦਿੱਗਜ ਆਗੂਆਂ ਨੇ ਭਾਜਪਾ (BJP) ਵਿੱਚ ਸ਼ਾਮਲ ਹੋਣ ਦੀ ਘੋਸ਼ਣਾ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।
ਦੱਸ ਦੇਈਏ ਕਿ 'ਆਪ' ਲਈ ਸਭ ਤੋਂ ਵੱਡੇ ਝਟਕੇ ਦੀ ਗੱਲ ਅਸ਼ੋਕ ਮਿੱਤਲ ਦਾ ਅਸਤੀਫ਼ਾ ਹੈ, ਕਿਉਂਕਿ ਅਜੇ ਕੁਝ ਦਿਨ ਪਹਿਲਾਂ ਹੀ ਰਾਘਵ ਚੱਢਾ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਆਮ ਆਦਮੀ ਪਾਰਟੀ ਨੇ ਡਾ. ਅਸ਼ੋਕ ਮਿੱਤਲ ਨੂੰ ਰਾਜਸਭਾ ਵਿੱਚ ਆਪਣੀ ਪਾਰਟੀ ਦਾ ਡਿਪਟੀ ਲੀਡਰ ਬਣਾਇਆ ਸੀ ਅਤੇ ਹੁਣ ਅਸ਼ੋਕ ਮਿੱਤਲ ਨੇ ਰਾਘਵ ਚੱਢਾ ਦੇ ਨਾਲ 'ਆਪ' ਨੂੰ ਅਲਵਿਦਾ ਕਹਿ ਦਿੱਤਾ ਹੈ। ਆਓ ਜਾਣਦੇ ਹਾਂ ਕੌਣ ਹਨ ਡਾ. ਅਸ਼ੋਕ ਮਿੱਤਲ, ਜੋ ਆਮ ਆਦਮੀ ਪਾਰਟੀ ਦੇ ਬਾਗੀਆਂ ਦੀ ਲਿਸਟ ਵਿੱਚ ਸ਼ਾਮਲ ਹਨ।
ਕੌਣ ਹਨ ਡਾਕਟਰ ਅਸ਼ੋਕ ਮਿੱਤਲ?
ਡਾਕਟਰ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਹੋਣ ਦੇ ਨਾਲ-ਨਾਲ ਡਿਪਟੀ ਲੀਡਰ ਵੀ ਹਨ। ਉਹ ਇੱਕ ਸਫਲ ਉਦਯੋਗਪਤੀ ਹਨ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਸੰਸਥਾਪਕ ਅਤੇ ਚਾਂਸਲਰ ਵੀ ਹਨ। ਡਾ. ਮਿੱਤਲ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੇ ਸ਼ਲਾਘਾਯੋਗ ਕਾਰਜਾਂ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ। ਅਸ਼ੋਕ ਮਿੱਤਲ ਦਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ, ਪਰ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਦਮ 'ਤੇ ਉਨ੍ਹਾਂ ਨੇ ਸਫਲਤਾ ਪ੍ਰਾਪਤ ਕੀਤੀ ਅਤੇ ਇਸ ਮੁਕਾਮ ਤੱਕ ਪਹੁੰਚੇ।
ਡਾ. ਮਿੱਤਲ ਨੇ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਯੋਗਦਾਨ ਪਾਉਣ ਲਈ ਜਲੰਧਰ ਵਿੱਚ ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ LPU ਦੀ ਸਥਾਪਨਾ ਕੀਤੀ। LPU ਭਾਰਤ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਸ਼ਾਮਲ ਹੈ, ਜਿੱਥੇ 50 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਹਨ।
ਕਦੋਂ ਬਣੇ ਸਨ ਸਾਂਸਦ?
ਡਾ. ਅਸ਼ੋਕ ਮਿੱਤਲ ਅਪ੍ਰੈਲ 2022 ਵਿੱਚ ਰਾਜਸਭਾ ਦੇ ਮੈਂਬਰ ਬਣੇ ਸਨ। ਉਦੋਂ ਤੋਂ ਹੀ ਉਹ ਕਈ ਸੰਸਦੀ ਕਮੇਟੀਆਂ ਦੇ ਮੈਂਬਰ ਰਹਿ ਚੁੱਕੇ ਹਨ, ਜਿਨ੍ਹਾਂ ਵਿੱਚ ਰੱਖਿਆ ਕਮੇਟੀ ਅਤੇ ਵਿੱਤ ਕਮੇਟੀ ਪ੍ਰਮੁੱਖ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫਰਵਰੀ 2026 ਵਿੱਚ ਭਾਰਤ-ਅਮਰੀਕਾ ਸੰਸਦੀ ਮਿੱਤਰਤਾ ਗਰੁੱਪ ਦਾ ਮੈਂਬਰ ਬਣਾਇਆ ਗਿਆ ਸੀ। ਡੀ.ਐਮ.ਕੇ. ਸਾਂਸਦ ਕਨੀਮੋਝੀ ਦੀ ਪ੍ਰਧਾਨਗੀ ਹੇਠ ਰੂਸ, ਲਾਤਵੀਆ, ਸਲੋਵੇਨੀਆ, ਗ੍ਰੀਸ ਅਤੇ ਸਪੇਨ ਗਏ ਸਰਬ ਪਾਰਟੀ ਵਫ਼ਦ ਵਿੱਚ ਵੀ ਅਸ਼ੋਕ ਮਿੱਤਲ ਸ਼ਾਮਲ ਸਨ।
ਅਰਵਿੰਦ ਕੇਜਰੀਵਾਲ ਨੂੰ ਆਫਰ ਕਰ ਚੁੱਕੇ ਹਨ ਆਪਣੀ ਕੋਠੀ
ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਜਦੋਂ ਕੇਜਰੀਵਾਲ ਨੇ ਜੇਲ੍ਹ ਤੋਂ ਪਰਤਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਉਦੋਂ ਅਸ਼ੋਕ ਮਿੱਤਲ ਨੇ ਆਪਣੀ ਕੋਠੀ ਉਨ੍ਹਾਂ ਨੂੰ ਰਹਿਣ ਲਈ ਆਫਰ ਕੀਤੀ ਸੀ। ਉਸ ਵੇਲੇ ਅਸ਼ੋਕ ਮਿੱਤਲ ਨੇ ਕਿਹਾ ਸੀ ਕਿ ਕੇਜਰੀਵਾਲ ਵੱਲੋਂ CM ਰਿਹਾਇਸ਼ ਛੱਡਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਆਪਣੇ ਨਾਲ ਰਹਿਣ ਦਾ ਸੱਦਾ ਦਿੱਤਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਅਨੁਸਾਰ ਅਸ਼ੋਕ ਮਿੱਤਲ 91 ਕਰੋੜ ਤੋਂ ਵੱਧ ਦੀ ਜਾਇਦਾਦ ਦੇ ਮਾਲਕ ਹਨ।