ਨਵੇਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਸਵਾਗਤ
ਨਵੇਂ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦਾ ਸਵਾਗਤ
Publish Date: Wed, 18 Mar 2026 06:41 PM (IST)
Updated Date: Wed, 18 Mar 2026 06:43 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਤਹਿਸੀਲ ਕੰਪਲੈਕਸ ਵਿਖੇ ਮੰਗਲਵਾਰ ਨੂੰ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਬੀਰ ਕਰਨ ਸਿੰਘ ਨੇ ਬਤੌਰ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਅਤੇ ਰਮਨਦੀਪ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸਥਾਨਕ ਪ੍ਰਾਪਰਟੀ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਦੋਵਾਂ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਪਵਨ ਧੀਮਾਨ ਉਰਫ਼ ਪੰਮਾ ਅਤੇ ਰੋਹਿਤ ਗੁਪਤਾ ਨੇ ਦੋਵਾਂ ਅਧਿਕਾਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦਾ ਡੇਰਾਬੱਸੀ ਵਿਖੇ ਆਉਣ ਤੇ ਜੀ ਆਇਆ ਨੂੰ ਕਿਹਾ। ਮੈਂਬਰਾਂ ਨੇ ਉਮੀਦ ਜਤਾਈ ਕਿ ਨਵੇਂ ਅਧਿਕਾਰੀਆਂ ਦੇ ਆਉਣ ਨਾਲ ਤਹਿਸੀਲ ਨਾਲ ਸਬੰਧਤ ਕੰਮਾਂ ਵਿਚ ਹੋਰ ਪਾਰਦਰਸ਼ਤਾ ਆਵੇਗੀ ਅਤੇ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਐਸੋਸੀਏਸ਼ਨ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਪ੍ਰਸ਼ਾਸਨ ਦੇ ਹਰ ਸਕਾਰਾਤਮਕ ਕਦਮ ਵਿਚ ਆਪਣਾ ਪੂਰਾ ਸਹਿਯੋਗ ਦੇਣਗੇ। ਅਹੁਦਾ ਸੰਭਾਲਣ ਉਪਰੰਤ ਤਹਿਸੀਲਦਾਰ ਬੀਰ ਕਰਨ ਸਿੰਘ ਅਤੇ ਨਾਇਬ ਤਹਿਸੀਲਦਾਰ ਰਮਨਦੀਪ ਸਿੰਘ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਤਰਜੀਹ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕਰਨਾ ਹੋਵੇਗੀ। ਤਹਿਸੀਲਦਾਰ ਬੀਰ ਕਰਨ ਸਿੰਘ ਨੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਵਿਅਕਤੀ ਨੂੰ ਆਪਣੇ ਜਾਇਜ਼ ਕੰਮ ਲਈ ਦਫ਼ਤਰਾਂ ਦੇ ਵਾਰ-ਵਾਰ ਚੱਕਰ ਨਾ ਕੱਟਣੇ ਪੈਣ।