ਬਾਹਰਲੇ ਸੂਬਿਆਂ ਦੀ ਸ਼ਰਾਬ ਵਿਕਰੀ ’ਤੇ ਸਖ਼ਤ ਕਾਰਵਾਈ ਦੀ ਚਿਤਾਵਨੀ
ਮੁਹਾਲੀ ਵਿਚ ਬਾਹਰਲੇ ਰਾਜਾਂ ਦੀ ਸ਼ਰਾਬ ਦੀ ਵਿਕਰੀ ’ਤੇ ਸਖ਼ਤ ਕਾਰਵਾਈ ਦੀ ਚੇਤਾਵਨੀ
Publish Date: Mon, 09 Mar 2026 08:47 PM (IST)
Updated Date: Mon, 09 Mar 2026 08:51 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਐਕਸਾਈਜ਼ ਵਿਭਾਗ ਨੇ ਜ਼ਿਲ੍ਹੇ ਵਿਚ ਬਾਹਰਲੇ ਸੂਬਿਆਂ ਦੀ ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ ਹੈ। ਐਸਿਸਟੈਂਟ ਕਮਿਸ਼ਨਰ ਐਕਸਾਈਜ਼, ਰੋਪੜ ਰੇਂਜ ਅਸ਼ੋਕ ਚਲਹੋਤਰਾ ਨੇ ਸਪੱਸ਼ਟ ਕੀਤਾ ਕਿ ਰਾਜ ਦੀ ਆਮਦਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁਹਾਲੀ ਜ਼ਿਲ੍ਹੇ ਵਿਚ ਕਿਸੇ ਵੀ ਥਾਂ ’ਤੇ ਬਾਹਰਲੇ ਸੂਬੇ ਦੀ ਸ਼ਰਾਬ ਗ਼ੈਰ-ਕਾਨੂੰਨੀ ਤੌਰ ’ਤੇ ਵੇਚੀ ਜਾਂ ਪਰੋਸੀ ਜਾਂਦੀ ਮਿਲੀ ਤਾਂ ਸਬੰਧਿਤ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਹਾਲ ਹੀ ਵਿਚ ਐਕਸਾਈਜ਼ ਵਿਭਾਗ ਦੀ ਟੀਮ ਨੇ ਖਰੜ ਦੇ ਫੂਡ ਵੇਵ-43 ਵਿਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਉੱਥੋਂ ਚੰਡੀਗੜ੍ਹ ਵਿਚ ਵਿਕਰੀ ਲਈ ਲੇਬਲ ਕੀਤੀ ਹੋਈ ਸ਼ਰਾਬ ਬਰਾਮਦ ਹੋਈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਸ਼ਰਾਬ ਪੰਜਾਬ ਵਿਚ ਵਿਕਰੀ ਲਈ ਮਨਜ਼ੂਰ ਨਹੀਂ ਸੀ ਅਤੇ ਇਸ ਨੂੰ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਪਤਾ ਲਾਉਣ ਲਈ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਸ਼ਰਾਬ ਕਿੱਥੋਂ ਲਿਆਂਦੀ ਗਈ ਸੀ ਅਤੇ ਇਸ ਦੀ ਸਪਲਾਈ ਵਿਚ ਕੌਣ-ਕੌਣ ਸ਼ਾਮਲ ਸੀ। ਇਸ ਤੋਂ ਇਲਾਵਾ ਉਸ ਚੰਡੀਗੜ੍ਹ ਦੇ ਲਿਕਰ ਠੇਕੇਦਾਰ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਜਿਸ ਤੋਂ ਇਹ ਸਟਾਕ ਲਿਆਂਦਾ ਗਿਆ ਹੋਣ ਦਾ ਸ਼ੱਕ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਨਿਯਮਾਂ ਅਨੁਸਾਰ ਉਚਿਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਇਹ ਵੀ ਪਤਾ ਲਗਾ ਰਿਹਾ ਹੈ ਕਿ ਕੀ ਇਲਾਕੇ ਵਿਚ ਇਸ ਤਰ੍ਹਾਂ ਦੀ ਸ਼ਰਾਬ ਦੀ ਸਪਲਾਈ ਦਾ ਕੋਈ ਵੱਡਾ ਜਾਲ ਕੰਮ ਕਰ ਰਿਹਾ ਹੈ। ਐਸਿਸਟੈਂਟ ਕਮਿਸ਼ਨਰ ਨੇ ਹੋਟਲ, ਰੈਸਟੋਰੈਂਟ ਅਤੇ ਬਾਰ ਚਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਿਰਫ਼ ਮਨਜ਼ੂਰੀ ਸਰੋਤਾਂ ਤੋਂ ਹੀ ਸ਼ਰਾਬ ਖ਼ਰੀਦਣ ਅਤੇ ਸਾਰੇ ਨਿਯਮਾਂ ਦੀ ਪੂਰੀ ਪਾਲਣਾ ਕਰਨ, ਜੇ ਕਿਸੇ ਵੀ ਸੰਸਥਾ ਵਿਚ ਬਾਹਰਲੇ ਰਾਜ ਦੀ ਸ਼ਰਾਬ ਵੇਚੀ ਜਾਂ ਪਰੋਸੀ ਜਾਂਦੀ ਮਿਲੀ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਸਬੰਧਿਤ ਸਥਾਨ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਕਾਨੂੰਨੀ ਸ਼ਰਾਬ ਖ਼ਿਲਾਫ਼ ਵਿਭਾਗ ਦੀ ਮੁਹਿੰਮ ਆਗਾਮੀ ਸਮੇਂ ਵਿਚ ਵੀ ਜਾਰੀ ਰਹੇਗੀ।