ਚੰਡੀਗੜ੍ਹ ਵਾਸੀਆਂ ਲਈ ਚਿਤਾਵਨੀ: ਠੰਢ ਤੇ ਸੰਘਣੀ ਧੁੰਦ ਨਾਲ ਰੈਡ ਅਲਰਟ ਜਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਚੰਡੀਗੜ੍ਹ ਵਿੱਚ ਵਧੀ ਠੰਢ ਨੇ ਲੋਕਾਂ ਨੂੰ ਕੰਬਣੀ ਚੜ੍ਹਾ ਦਿੱਤੀ ਹੈ। ਸ਼ਨੀਵਾਰ ਨੂੰ ਸ਼ਹਿਰ ਵਿੱਚ ਸ਼ੀਤਲਹਰ ਅਤੇ ਸੰਘਣੀ ਧੁੰਦ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਇਸ ਤੋਂ ਬਾਅਦ ਅਗਲੇ ਦੋ ਦਿਨਾਂ ਲਈ ਆਰੈਂਜ ਅਲਰਟ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧਣ ਦੇ ਆਸਾਰ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਠੰਢ ਦਾ ਅਸਰ ਕਾਫ਼ੀ ਵੇਖਣ ਨੂੰ ਮਿਲਿਆ। ਸੰਘਣੀ ਧੁੰਦ ਅਤੇ ਸ਼ੀਤਲਹਰ ਕਾਰਨ ਸਾਰਾ ਦਿਨ ਸੂਰਜ ਦੇ ਦਰਸ਼ਨ ਨਹੀਂ ਹੋ ਸਕੇ, ਜਿਸ ਕਰਕੇ ਲੋਕ ਘਰਾਂ ਵਿੱਚ ਹੀ ਰਹੇ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਦੀ ਕਮੀ ਨਾਲ 13 ਡਿਗਰੀ ਸੈਲਸੀਅਸ ਦਰਜ ਕੀਤਾ
Publish Date: Sat, 03 Jan 2026 11:30 AM (IST)
Updated Date: Sat, 03 Jan 2026 11:33 AM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਵਿੱਚ ਵਧੀ ਠੰਢ ਨੇ ਲੋਕਾਂ ਨੂੰ ਕੰਬਣੀ ਚੜ੍ਹਾ ਦਿੱਤੀ ਹੈ। ਸ਼ਨੀਵਾਰ ਨੂੰ ਸ਼ਹਿਰ ਵਿੱਚ ਸ਼ੀਤਲਹਰ ਅਤੇ ਸੰਘਣੀ ਧੁੰਦ ਨੂੰ ਲੈ ਕੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਇਸ ਤੋਂ ਬਾਅਦ ਅਗਲੇ ਦੋ ਦਿਨਾਂ ਲਈ ਆਰੈਂਜ ਅਲਰਟ ਰਹੇਗਾ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਵਧਣ ਦੇ ਆਸਾਰ ਹਨ। ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿੱਚ ਠੰਢ ਦਾ ਅਸਰ ਕਾਫ਼ੀ ਵੇਖਣ ਨੂੰ ਮਿਲਿਆ। ਸੰਘਣੀ ਧੁੰਦ ਅਤੇ ਸ਼ੀਤਲਹਰ ਕਾਰਨ ਸਾਰਾ ਦਿਨ ਸੂਰਜ ਦੇ ਦਰਸ਼ਨ ਨਹੀਂ ਹੋ ਸਕੇ, ਜਿਸ ਕਰਕੇ ਲੋਕ ਘਰਾਂ ਵਿੱਚ ਹੀ ਰਹੇ। ਸ਼ੁੱਕਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਦੀ ਕਮੀ ਨਾਲ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 9.5 ਡਿਗਰੀ ਰਿਹਾ। ਇਸ ਤਰ੍ਹਾਂ ਸ਼ੁੱਕਰਵਾਰ ਮੌਸਮ ਦਾ ਸਭ ਤੋਂ ਠੰਢਾ ਦਿਨ ਸਾਬਤ ਹੋਇਆ।
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 14 ਡਿਗਰੀ ਅਤੇ ਰਾਤ ਦਾ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਸ਼ਨੀਵਾਰ ਨੂੰ ਸ਼ਹਿਰ ਵਿੱਚ ਸੰਘਣੀ ਧੁੰਦ ਦੀ ਪ੍ਰਬਲ ਸੰਭਾਵਨਾ ਹੈ। ਇਸ ਦਿਨ ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟੋ-ਘੱਟ ਤਾਪਮਾਨ ਕਰੀਬ 8 ਡਿਗਰੀ ਰਹਿਣ ਦਾ ਅਨੁਮਾਨ ਹੈ।
ਪੱਛਮੀ ਪੌਣਾਂ ਸਰਗਰਮ ਹੋਣ ਨਾਲ ਚੱਲਣਗੀਆਂ ਠੰਢੀਆਂ ਹਵਾਵਾਂ
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ, ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ 7 ਜਨਵਰੀ ਤੱਕ ਕੋਹਰਾ ਅਤੇ ਸੀਤਲਹਿਰ ਦੀ ਸਥਿਤੀ ਬਣੀ ਰਹਿ ਸਕਦੀ ਹੈ। ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਨਾਲ ਠੰਢੀਆਂ ਹਵਾਵਾਂ ਚਲਣਗੀਆਂ, ਜਿਸ ਨਾਲ ਠੰਢ ਦਾ ਅਸਰ ਹੋਰ ਵਧੇਗਾ। ਚੰਡੀਗੜ੍ਹ ਦੇ ਨਾਲ-ਨਾਲ ਮੋਹਾਲੀ ਅਤੇ ਪੰਚਕੂਲਾ ਵਿੱਚ ਵੀ ਕੋਹਰੇ ਅਤੇ ਕੋਲਡ-ਡੇ ਦੀ ਸਥਿਤੀ ਬਣ ਸਕਦੀ ਹੈ।
ਉੱਧਰ, ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਦੇ ਮੌਸਮ ‘ਤੇ ਵੀ ਦਿਖ ਰਿਹਾ ਹੈ। ਇਸ ਕਾਰਨ ਉੱਤਰ ਭਾਰਤ ਵਿੱਚ ਠੰਢੀਆਂ ਹਵਾਵਾਂ ਤੇਜ਼ ਹੋ ਗਈਆਂ ਹਨ । ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਸੀਤਲਹਰ ਦਾ ਅਸਰ ਵੇਖਿਆ ਜਾ ਰਿਹਾ ਹੈ।
ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖੋ
ਮੌਸਮ ਵਿਭਾਗ ਨੇ ਲੋਕਾਂ ਨੂੰ ਸਵੇਰੇ ਅਤੇ ਸ਼ਾਮ ਦੇ ਸਮੇਂ ਬਾਹਰ ਨਿਕਲਦੇ ਹੋਏ ਖਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਲੋਕਾਂ ਨੂੰ ਠੰਢ ਤੋਂ ਬਚਣ ਲਈ ਘਰ ਵਿੱਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਵਾਹਨ ਚਾਲਕਾਂ ਨੂੰ ਕੋਹਰੇ ਦੌਰਾਨ ਹੌਲੀ ਗਤੀ ਨਾਲ ਚਲਾਉਣ ਅਤੇ ਫੌਗ ਲਾਈਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਅਗਲੇ ਕੁਝ ਦਿਨ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਨਾਲ ਗੁਜ਼ਰਨ ਵਾਲੇ ਹਨ, ਜਿਸ ਨਾਲ ਜਨ ਜੀਵਨ ‘ਤੇ ਸਾਫ਼ ਅਸਰ ਪੈਣ ਦੀ ਸੰਭਾਵਨਾ ਹੈ।
ਆਗਾਮੀ ਦਿਨਾਂ ’ਚ ਇਹ ਰਹੇਗਾ ਮੌਸਮ ਦਾ ਹਾਲ:
• ਸ਼ਨੀਵਾਰ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਰਹਿ ਸਕਦਾ ਹੈ।
• ਐਤਵਾਰ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 14 ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਰਹਿ ਸਕਦਾ ਹੈ।
• ਸੋਮਵਾਰ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 16 ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਰਹਿ ਸਕਦਾ ਹੈ।