ਜੰਗ ਕੋਈ ਮਸਲੇ ਦਾ ਹੱਲ ਨਹੀਂ : ਤਰਕਸ਼ੀਲ
ਜੰਗ ਕੋਈ ਮਸਲੇ ਦਾ ਹੱਲ ਨਹੀਂ : ਤਰਕਸ਼ੀਲ
Publish Date: Tue, 14 Apr 2026 06:13 PM (IST)
Updated Date: Wed, 15 Apr 2026 04:09 AM (IST)
ਮਹਿਰਾ, ਪੰਜਾਬੀ ਜਾਗਰਣ, ਖਰੜ : ਪੱਛਮੀ ਏਸ਼ੀਆਈ ਮੁਲਕਾਂ ਵਿਚ ਪਿਛਲੇ ਡੇਢ ਮਹੀਨੇ ਤੋਂ ਹੋ ਰਹੀ ਮਿਜ਼ਾਈਲਾਂ ਦੀ ਬੰਬਾਰੀ ਨਾਲ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਨਿਰਦੋਸ਼ ਲੋਕਾਂ ਦਾ ਕਤਲੇਆਮ ਮਨੁੱਖਤਾ ਵਿਰੋਧੀ ਹੈ। ਸੱਭਿਅਕ ਸਮਾਜ ਵਿਚ ਕਿਸੇ ਵੀ ਕੀਮਤ ’ਤੇ ਤੇਲ ਦੇ ਕਬਜ਼ੇ ਲਈ ਸਾਮਰਾਜੀ ਤਾਕਤਾਂ ਵੱਲੋਂ ਕੀਤਾ ਜਾ ਰਿਹਾ ਜੁਰਮ ਸਵੀਕਾਰ ਯੋਗ ਨਹੀਂ ਹੈ। ਇਹ ਵਿਚਾਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਕੁਲਵਿੰਦਰ ਨਗਾਰੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਜ਼ੋਨ ਮੀਡੀਆ ਮੁਖੀ ਪ੍ਰਿੰ. ਖਰੜ ਗੁਰਮੀਤ ਅਤੇ ਭੁਪਿੰਦਰ ਮਦਨਹੇੜੀ ਨੇ ਪ੍ਰਗਟ ਕੀਤੇ। ਇਕਾਈ ਦੇ ਸੀਨੀਅਰ ਮੈਂਬਰ ਪੀਪੀ ਸਿੰਘ ਅਤੇ ਰਾਮ ਕ੍ਰਿਸ਼ਨ ਧੁਨਕੀਆ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਇਕੱਠੇ ਹੋ ਕੇ ਸਾਮਰਾਜੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਇਕਾਈ ਮੁੱਖੀ ਕੁਲਵਿੰਦਰ ਨਗਾਰੀ ਅਤੇ ਵਿੱਤ ਵਿਭਾਗ ਮੁੱਖੀ ਵਿਕਰਮਜੀਤ ਸੋਨੀ ਨੇ ਕਿਹਾ ਕਿ ਅੱਜ ਜਦੋਂ ਵਿਸ਼ਵ ਵਿਚ ਹਰ ਪਾਸੇ ਡ੍ਰੋਨਾ ਨਾਲ ਕਮਜ਼ੋਰ ਦੇਸ਼ਾਂ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਸਮੇਂ ਯੂਐੱਨਓ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦਾ ਤਕੜਾ ਹੋਣ ਦੀ ਬਹੁਤ ਲੋੜ ਹੈ। ਅੰਤ ਵਿਚ ਮੈਂਬਰਾਂ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਸ਼ੁਰੂ ਕੀਤੀ ਬੇਲੋੜੀ ਜੰਗ ਦੇ ਖ਼ਿਲਾਫ਼ ਨਿੰਦਾ ਮਤਾ ਪਾਸ ਕੀਤਾ।