- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਾਸੀਆਂ ਨੇ ਡੀ-ਸਿਲਟਿੰਗ ਦੀ ਆੜ ਵਿਚ ਨਾਜਾਇਜ਼ ਮਾਈਨਿੰਗ ਦਾ ਕੀਤਾ ਵਿਰੋਧ, ਕੰਮ ਬੰਦ ਕਰਵਾਇਆ

- ਕੰਮ ਬੰਦ ਕਰਵਾਇਆ, ਪਿੰਡ ਵਾਸੀਆਂ ਨੇ ਜਾਂਚ ਦੀ ਕੀਤੀ ਮੰਗ
- ਪੁਲਿਸ ਨੇ ਮੌਕੇ ’ਤੇ ਪਹੁੰਚ ਲੋਕਾਂ ਨੂੰ ਸ਼ਾਂਤ ਕਰ ਕੇ ਮਾਹੌਲ ਖ਼ਰਾਬ ਹੋਣ ਤੋਂ ਰੋਕਿਆ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਡੀ-ਸਿਲਟਿੰਗ ਦੀ ਆੜ ਹੇਠ ਭਾਂਖਰਪੁਰ ਘੱਗਰ ਵਿਖੇ ਧੜੱਲੇ ਨਾਲ ਹੁੰਦੀ ਨਾਜਾਇਜ਼ ਮਾਈਨਿੰਗ ਦਾ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਵਿਰੋਧ ਕੀਤਾ ਅਤੇ ਲੋਕਾਂ ਨੇ ਕੰਮ ਬੰਦ ਕਰਵਾ ਦਿੱਤਾ। ਮਾਹੌਲ ਖ਼ਰਾਬ ਨਾ ਹੋਵੇ ਥਾਣਾ ਮੁਖੀ ਸੁਮਿਤ ਮੋਰ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ ਸਨ। ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਪਿੰਡ ਵਾਸੀਆਂ ਨੇ ਚਲਦੇ ਕੰਮ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨਾਲ ਮੌਕ ’ਤੇ ਮੌਜੂਦ ਪਿੰਡ ਭਾਂਖਰਪੁਰ ਦੀ ਸਰਪੰਚ ਦੇ ਪਤੀ ਜਗਪ੍ਰੀਤ ਸਿੰਘ ਜੱਗੀ ਨੇ ਦੋਸ਼ ਲਗਾਇਆ ਕਿ ਡੀ-ਸਿਲਟਿੰਗ ਦਾ ਠੇਕਾ ਸਿਰਫ਼ ਗਾਰ ਕੱਢਣ ਲਈ ਦਿੱਤਾ ਗਿਆ ਸੀ, ਪਰ ਇੱਥੇ ਗਾਰ ਦੀ ਥਾਂ ਵੱਡੀਆਂ ਮਸ਼ੀਨਾਂ ਨਾਲ ਰੇਤ ਕੱਢਿਆ ਜਾ ਰਿਹਾ ਹੈ। ਲੋਕਾਂ ਨੇ ਠੇਕੇਦਾਰ ਕੋਲੋਂ ਡੀ-ਸਿਲਟਿੰਗ ਦੇ ਠੇਕੇ ਅਤੇ ਨਿਯਮਾਂ ਸਬੰਧੀ ਮਨਜ਼ੂਰੀ ਦੇ ਕਾਗ਼ਜ਼ਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਗ਼ਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਕੰਮ ਨਿਯਮਾਂ ਅਨੁਸਾਰ ਹੋ ਰਿਹਾ ਹੈ ਜਾਂ ਨਹੀਂ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਸੁਮਿਤ ਮੋਰ ਨੇ ਕਿਹਾ ਕਿ ਠੇਕੇਦਾਰ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਡੀ-ਸਿਲਟਿੰਗ ਦੇ ਕਾਗ਼ਜ਼ ਦਿਖਾ ਦਿੱਤੇ ਸਨ। ਮਾਈਨਿੰਗ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਹੋਏ ਹਨ। ਮਾਹੌਲ ਖ਼ਰਾਬ ਨਾ ਹੋਵੇ, ਉਹ ਖ਼ੁਦ ਪੁਲਿਸ ਪਾਰਟੀ ਨਾਲ ਮੌਕੇ ’ਤੇ ਮੌਜੂਦ ਰਹੇ। ਇਸ ਦੌਰਾਨ ਕਈ ਘੰਟੇ ਕੰਮ ਵੀ ਬੰਦ ਰਿਹਾ।
ਡਰੇਨੇਜ਼-ਕਮ-ਮਾਈਨਿੰਗ ਵਿਭਾਗ ਦੇ ਜੇਈ ਅਨੁਜ ਤੋਮਰ ਨੇ ਕਿਹਾ ਕਿ ਉਹ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਠੇਕੇ ਅਤੇ ਨਿਯਮਾਂ ਮੁਤਾਬਿਕ ਕੰਮ ਹੋ ਰਿਹਾ ਹੈ, ਜਦਕਿ ਪਿੰਡ ਵਾਸੀ ਡੀ-ਸਿਲਟਿੰਗ ਨਾ ਹੋਣ ਦੇਣ ਦੀ ਗੱਲ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਗ਼ਲਤ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਉਨ੍ਹਾਂ ਨੂੰ ਕੋਈ ਦਿੱਕਤ ਹੈ ਤਾਂ ਉਹ ਡੀਸੀ ਮੁਹਾਲੀ ਕੋਲ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡੀ-ਸਿਲਟਿੰਗ ਦਾ ਕੰਮ ਸਵੇਰੇ ਕਰੀਬ 9 ਵਜੇ ਤੋਂ ਸ਼ਾਮ ਸਾਢੇ 5 ਵਜੇ ਤਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਖੇਤਰ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਦਾਅਵਾ ਕਰਦੀ ਆ ਰਹੀ ਹੈ ਕਿ ਸੂਬੇ ਵਿਚ ਨਾਜਾਇਜ਼ ਮਾਈਨਿੰਗ ਕਿਸੇ ਵੀ ਥਾਂ ’ਤੇ ਨਹੀਂ ਹੋਣ ਦਿੱਤੀ ਜਾਵੇਗੀ। ਜਦਕਿ ਡੇਰਾਬੱਸੀ ਵਿਖੇ ਅਜਿਹੀ ਕੋਈ ਥਾਂ ਨਹੀਂ ਜਿੱਥੇ ਨਾਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਵਿਭਾਗ ਅਤੇ ਪ੍ਰਸ਼ਾਸਨ ਡੇਰਾਬੱਸੀ ਖੇਤਰ ਵਿਚ ਨਾਜਾਇਜ਼ ਮਾਈਨਿੰਗ ਰੋਕਣ ਵਿਚ ਨਾਕਾਮ ਹੋ ਰਿਹਾ ਹੈ।