ਵਿਜੀਲੈਂਸ ਬਿਊਰੋ ਨੇ ਏਐੱਸਆਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ
ਵਿਜੀਲੈਂਸ ਬਿਊਰੋ ਨੇ ਏਐੱਸਆਈ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Publish Date: Fri, 30 Jan 2026 07:18 PM (IST)
Updated Date: Sat, 31 Jan 2026 04:13 AM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਵਿਜੀਲੈਂਸ ਬਿਊਰੋ ਨੇ ਅਸਿਸਟੈਂਟ ਸਬ-ਇੰਸਪੈਕਟਰ (ਏਐੱਸਆਈ) ਬੀਰ ਚੰਦ ਨੂੰ ਇਕ ਝਗੜੇ ਦੇ ਮਾਮਲੇ ਨੂੰ ਨਿਪਟਾਉਣ ਬਦਲੇ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਸਬੰਧਤ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਦੀ ਮਲੋਆ ਕਾਲੋਨੀ ਵਾਸੀ ਸਤੀਸ਼ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਸ ਦੀ ਧੀ ਦਾ ਵਿਆਹ 27 ਨਵੰਬਰ, 2025 ਨੂੰ ਬੜ ਮਾਜਰਾ ਵਾਸੀ ਅਰਸ਼ ਨਾਲ ਹੋਇਆ ਸੀ। ਵਿਆਹ ਦੀ ਰਿਸੈਪਸ਼ਨ ਪਾਰਟੀ ’ਚ ਕਈ ਨੌਜਵਾਨਾਂ ਵਿਚਕਾਰ ਲੜਾਈ ਹੋ ਗਈ, ਜਿਸ ਕਾਰਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਬਾਅਦ ’ਚ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ’ਚ ਕਿਹਾ ਗਿਆ ਕਿ ਝਗੜੇ ਵਿਚ ਇਕ ਨੌਜਵਾਨ ਨੂੰ ਚਾਕੂ ਮਾਰਿਆ ਗਿਆ ਤੇ ਉਹ ਫੇਜ਼-6 ਹਸਪਤਾਲ ’ਚ ਦਾਖ਼ਲ ਹੈ। ਸਤੀਸ਼ ਤੇ ਉਸਦੇ ਰਿਸ਼ਤੇਦਾਰ ਨੇ ਬਾਅਦ ’ਚ ਜਾਂਚ ਅਧਿਕਾਰੀ ਬੀਰ ਸਿੰਘ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਰਸ਼ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕੇਸ ਨੂੰ ਨਿਪਟਾਉਣ ਲਈ ਉਨ੍ਹਾਂ ਨੂੰ 50,000 ਰੁਪਏ ਦੇਣੇ ਪੈਣਗੇ। ਕੁਝ ਦਿਨਾ ਬਾਅਦ ਅਰਸ਼ ਦੇ ਦਾਦਾ ਜੀ ਥਾਣੇ ਗਏ ਤੇ ਜਾਂਚ ਅਧਿਕਾਰੀ ਨੂੰ 30,000 ਰੁਪਏ ਦਿੱਤੇ। 22 ਦਸੰਬਰ, 2025 ਨੂੰ ਏਐੱਸਆਈ ਬੀਰ ਚੰਦ ਨੇ ਸਤੀਸ਼ ਨੂੰ ਦੱਸਿਆ ਕਿ ਮਾਮਲੇ ਤੇ ਆਈਪੀਸੀ ਦੀ ਧਾਰਾ 307 ਲਾਗੂ ਕੀਤੀ ਜਾਵੇਗੀ ਤੇ ਇਸ ਨੂੰ ਹੱਲ ਕਰਨ ਤੇ ਬਹੁਤ ਖਰਚਾ ਆਵੇਗਾ। ਉਸ ਨੇ ਕਿਹਾ ਕਿ ਸਟੇਸ਼ਨ ਇੰਚਾਰਜ ਉਸ ਤੇ ਦਬਾਅ ਪਾ ਰਿਹਾ ਹੈ ਅਤੇ ਉਸ ਨੂੰ ਸਟੇਸ਼ਨ ਇੰਚਾਰਜ ਨੂੰ ₹1.25 ਲੱਖ ਦੇਣੇ ਪੈਣਗੇ, ਜਦਕਿ ਉਸ ਨੂੰ ₹25,000 ਖ਼ੁਦ ਮਿਲਣਗੇ। ਸਤੀਸ਼ ਨੇ ਬੀਰ ਚੰਦ ਨਾਲ ਸਾਰੀ ਗੱਲਬਾਤ ਰਿਕਾਰਡ ਕੀਤੀ ਤੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ। ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਏਐੱਸਆਈ ਬੀਰ ਚੰਦ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਉਸ ਵਿਰੁੱਧ ਕੇਸ ਦਰਜ ਕੀਤਾ। ਵਿਜੀਲੈਂਸ ਬਿਊਰੋ ਹੁਣ ਜਾਂਚ ਕਰ ਰਿਹਾ ਹੈ ਕਿ ਕੀ ਮੁਲਜ਼ਮ ਏਐੱਸਆਈ ਸਿਰਫ਼ ਰਿਸ਼ਵਤ ਲੈਣ ਲਈ ਸਟੇਸ਼ਨ ਇੰਚਾਰਜ ਦੇ ਨਾਮ ਦੀ ਵਰਤੋਂ ਕਰ ਰਿਹਾ ਸੀ ਜਾਂ ਸਟੇਸ਼ਨ ਇੰਚਾਰਜ ਅਸਲ ’ਚ ਇਸ ਮਾਮਲੇ ਵਿਚ ਸ਼ਾਮਲ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਦੋਸ਼ੀ ਪਾਏ ਜਾਣ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।