ਸੈਕਟਰ-80 ’ਚ ਗੱਡੀ ਚੋਰੀ; ਲੋਕਾਂ ’ਚ ਦਹਿਸ਼ਤ
ਸੈਕਟਰ-80 ਵਿੱਚ ਗੱਡੀ ਚੋਰੀ; ਇਲਾਕੇ ਵਿੱਚ ਵਾਹਨ ਚੋਰ ਗਿਰੋਹ ਸਰਗਰਮ, ਲੋਕਾਂ ਵਿੱਚ ਦਹਿਸ਼ਤ
Publish Date: Sat, 24 Jan 2026 08:21 PM (IST)
Updated Date: Sun, 25 Jan 2026 04:22 AM (IST)
ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੇ ਸੈਕਟਰ-80 ’ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਘਰ ਦੇ ਬਾਹਰ ਖੜ੍ਹੀ ਗੱਡੀ ਤੇ ਹੱਥ ਸਾਫ਼ ਕਰ ਦਿੱਤਾ। ਜਾਣਕਾਰੀ ਅਨੁਸਾਰ ਜਾਲੰਧਰ ਤੋਂ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸੈਕਟਰ-80 ਆਇਆ ਹੋਇਆ ਸੀ। ਰਾਤ ਸਮੇਂ ਉਨ੍ਹਾਂ ਆਪਣੀ ਸਵਿਫਟ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਸੀ, ਪਰ ਸਵੇਰੇ ਦੇਖਿਆ ਤਾਂ ਗੱਡੀ ਉੱਥੋਂ ਗਾਇਬ ਸੀ। ਗੱਡੀ ਚੋਰੀ ਹੋਣ ਤੋਂ ਬਾਅਦ ਮਕਾਨ ਮਾਲਕ ਸ਼ੁਭਪ੍ਰੀਤ ਸਿੰਘ ਨੇ ਇਸ ਦੀ ਸ਼ਿਕਾਇਤ ਸੋਹਾਣਾ ਪੁਲਿਸ ਸਟੇਸ਼ਨ ’ਚ ਦਰਜ ਕਰਵਾਈ ਹੈ। ਪੁਲਿਸ ਨੂੰ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ.ਕੈਮਰਿਆਂ ਦੀ ਫੁਟੇਜ ਵੀ ਸੌਂਪੀ ਗਈ ਹੈ। ਪੁਲਿਸ ਨੇ ਡੀਡੀਆਰ. ਦਰਜ ਕਰ ਕੇ ਮੁੱਖ ਮਾਰਗਾਂ ਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਚੋਰਾਂ ਦੀ ਦਿਸ਼ਾ ਦਾ ਪਤਾ ਲਗਾਇਆ ਜਾ ਸਕੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਥਾਣੇ ਗਏ ਤਾਂ ਉੱਥੇ 4-5 ਹੋਰ ਲੋਕ ਵੀ ਮੌਜੂਦ ਸਨ, ਜਿਨ੍ਹਾਂ ਦੀਆਂ ਗੱਡੀਆਂ ਚੋਰੀ ਹੋ ਚੁੱਕੀਆਂ ਸਨ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੀ ਗਸ਼ਤ ਵਧਾਈ ਜਾਵੇ ਤੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।