ਜ਼ਿਲ੍ਹੇ ਦੇ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ ਵੱਖ-ਵੱਖ ਸਕੀਮਾਂ
ਜ਼ਿਲ੍ਹੇ ਦੇ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਹਨ ਵੱਖ-ਵੱਖ ਸਕੀਮਾਂ
Publish Date: Tue, 27 Jan 2026 05:48 PM (IST)
Updated Date: Tue, 27 Jan 2026 05:49 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਦੀ ਭਲਾਈ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਰਾਹੀਂ 40 ਤੋਂ 80 ਫ਼ੀਸਦੀ ਤੱਕ ਸਬਸਿਡੀ ’ਤੇ ਵੱਖ-ਵੱਖ ਤਰ੍ਹਾਂ ਦੇ ਖੇਤੀ ਇਨਪੁੱਟਸ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਫੈਮਿਲੀ ਪੈਨਸ਼ਨ ਰਾਹੀਂ 6000 ਸਾਲਾਨਾ ਦਿੱਤੇ ਜਾ ਰਹੇ ਹਨ। ਵਾਤਾਵਰਨ ਦੀ ਸੰਭਾਲ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਸਰਕਾਰ ਵੱਲੋਂ ਕਰਾਪ ਰੈਜਿਡੀਊ ਮੈਨੇਜਮੈਂਟ ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਨੂੰ 50 ਫ਼ੀਸਦੀ ਅਤੇ ਕਿਸਾਨ ਗਰੁੱਪਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ ਨੂੰ 80 ਫ਼ੀਸਦੀ ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁੱਹਈਆ ਕਰਵਾਈ ਜਾ ਰਹੀ ਹੈ। ਇਹ ਸਕੀਮ ਸਾਲ 2018 ਤੋਂ ਜ਼ਿਲ੍ਹੇ ਵਿਚ ਚੱਲ ਰਹੀ ਹੈ ਅਤੇ ਹੁਣ ਤੱਕ 1581 ਮਸ਼ੀਨਾਂ 16.5 ਕਰੋੜ ਰੁਪਏ ਸਬਸਿਡੀ ਤੇ ਦਿੱਤੀਆਂ ਜਾ ਚੁੱਕੀਆਂ ਹਨ। ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਐੱਸਏਐੱਸ ਨਗਰ ਵਿਚ ਕੰਮ ਕਰ ਰਹੇ ਵੱਖ-ਵੱਖ ਅਧਿਕਾਰੀਆਂ, ਕਰਮਚਾਰੀਆਂ ਵਿਚੋਂ ਕਮਲਦੀਪ ਸਿੰਘ ਏਟੀਐੱਮ ਦੁਆਰਾ ਪਰਾਲੀ ਪ੍ਰਬੰਧਨ ਡਿਊਟੀ ਅਧੀਨ ਕਿਸਾਨਾਂ ਨੂੰ ਸਬਸਿਡੀ ਮੁੱਹਈਆ ਕਰਵਾਉਣ ਲਈ ਪ੍ਰਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਸਮੇਂ ਸਿਰ ਸਬਸਿਡੀ ਮੁੱਹਈਆ ਕਰਵਾਉਣ ਲਈ ਵੱਧ ਚੜ੍ਹ ਕੇ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ, ਰੱਖਿਆ ਸੇਵਾਵਾਂ, ਭਲਾਈ ਸੁਤੰਤਰਤਾ ਸੰਗਰਾਮੀ ਅਤੇ ਬਾਗਬਾਨੀ ਮੰਤਰੀ, ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਪਿੰਡ ਬੱਢਣਪੁਰ ਤੋਂ ਅਗਾਂਹਵਧੂ ਕਿਸਾਨ ਬੱਗਾ ਸਿੰਘ ਨੂੰ ਪਰਾਲੀ ਦੀ ਸਾਂਭ ਸੰਭਾਲ ਅਤੇ ਆਪਣੇ ਨਾਲ ਲੱਗਦੇ ਪਿੰਡਾਂ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਾਂ ਵਿਚ ਯੋਗਦਾਨ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਨਮਾਨਿਤ ਕੀਤਾ ਗਿਆ। ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਐੱਸਏਐੱਸ ਨਗਰ ਨੇ ਉਨ੍ਹਾਂ ਦੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਭਾਗ ਦੇ ਕਰਮਚਾਰੀ ਅਤੇ ਅਗਾਂਹਵਧੂ ਕਿਸਾਨ ਨੂੰ ਗਣਤੰਤਰ ਦਿਵਸ ਮੌਕੇ ’ਤੇ ਸਨਮਾਨਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।