ਵਿੱਦਿਆ ਵੈਲੀ ਸਕੂਲ ’ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਵਿੱਦਿਆ ਵੈਲੀ ਸਕੂਲ ’ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
Publish Date: Mon, 13 Apr 2026 07:38 PM (IST)
Updated Date: Mon, 13 Apr 2026 07:43 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਵਿੱਦਿਆ ਵੈਲੀ ਸਕੂਲ ਨਿਊ ਸਨੀ ਐਨਕਲੇਵ ਖਰੜ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦਾ ਪੂਰਾ ਕੈਂਪਸ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਮਿਲ ਕੇ ਇਸ ਫ਼ਸਲੀ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸਕ ਅਤੇ ਧਾਰਮਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੁਦਰਤ ਦਾ ਸ਼ੁਕਰਾਨਾ ਕਰਨ ਅਤੇ ਮਿਹਨਤ ਦੀ ਅਹਿਮੀਅਤ ਨੂੰ ਪਛਾਣਨ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਲੋਕ ਨਾਚ ਰਹੇ। ਗੱਭਰੂਆਂ ਨੇ ਭੰਗੜੇ ਨਾਲ ਸਟੇਜ ’ਤੇ ਧਮਾਲ ਪਾਈ, ਉੱਥੇ ਹੀ ਮੁਟਿਆਰਾਂ ਨੇ ਗਿੱਧੇ ਅਤੇ ਬੋਲੀਆਂ ਰਾਹੀਂ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਕੀਤੀ। ਕਿੰਡਰਗਾਰਟਨ ਦੇ ਛੋਟੇ ਬੱਚਿਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਸਾਰਿਆਂ ਦਾ ਮਨ ਮੋਹ ਲਿਆ। ਉਨ੍ਹਾਂ ਦੀਆਂ ਮਾਸੂਮ ਪੇਸ਼ਕਾਰੀਆਂ ਨੇ ਸਮਾਗਮ ਵਿਚ ਚਾਰ ਚੰਦ ਲਾ ਦਿੱਤੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੇਅਰਪਰਸਨ ਸੁਰਿੰਦਰ ਕੌਰ ਅਤੇ ਡਾਇਰੈਕਟਰ ਸਿਮਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਬੱਚਿਆਂ ਦੀ ਕਲਾ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਨੂੰ ਆਪਸੀ ਭਾਈਚਾਰੇ ਅਤੇ ਏਕਤਾ ਦਾ ਪ੍ਰਤੀਕ ਦੱਸਿਆ। ਵਿਸਾਖੀ ਦਾ ਇਹ ਪਵਿੱਤਰ ਤਿਉਹਾਰ ਸਾਨੂੰ ਖੁਸ਼ਹਾਲੀ ਅਤੇ ਏਕਤਾ ਦਾ ਮਾਰਗ ਦਿਖਾਉਂਦਾ ਹੈ। ਸਾਡਾ ਮਕਸਦ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਸਿਖਾਉਣਾ ਹੈ। ਸਮਾਗਮ ਦੇ ਅਖੀਰ ’ਚ ਸਾਰਿਆਂ ਨੂੰ ਮਠਿਆਈਆਂ ਵੰਡੀਆਂ ਗਈਆਂ। ਇਹ ਦਿਨ ਵਿਦਿਆਰਥੀਆਂ ਲਈ ਨਾ ਸਿਰਫ਼ ਮਨੋਰੰਜਨ ਭਰਿਆ ਰਿਹਾ, ਸਗੋਂ ਉਨ੍ਹਾਂ ਨੂੰ ਪੰਜਾਬ ਦੀ ਵਿਰਾਸਤ ਅਤੇ ਕਿਸਾਨੀ ਜੀਵਨ ਬਾਰੇ ਗਹਿਰੀ ਜਾਣਕਾਰੀ ਵੀ ਮਿਲੀ। ਖੁਸ਼ੀ, ਏਕਤਾ ਅਤੇ ਸੱਭਿਆਚਾਰਕ ਮਾਣ ਦੇ ਸੁਨੇਹੇ ਨਾਲ ਇਹ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਹੋਇਆ।