ਸੰਤ ਈਸ਼ਰ ਸਿੰਘ ਸਕੂਲ ’ਚ ਮਨਾਇਆ ਵਿਸਾਖੀ ਦਾ ਤਿਉਹਾਰ
ਸੰਤ ਈਸ਼ਰ ਸਿੰਘ ਸਕੂਲ ਵਿਚ ਮਨਾਇਆ ‘ਵਿਸਾਖੀ ਦਾ ਤਿਉਹਾਰ’
Publish Date: Mon, 13 Apr 2026 06:45 PM (IST)
Updated Date: Mon, 13 Apr 2026 06:49 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ’ਚ ਵਿਸਾਖੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਵੇਰੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਵਿਦਿਆਰਥੀਆਂ ਨੇ ਵਿਸਾਖੀ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਵਿਦਿਆਰਥੀਆਂ ਨੇ ਵਿਸਾਖੀ ਅਤੇ ਡਾ. ਬੀਆਰ ਅੰਬੇਡਕਰ ਦੇ ਜਨਮ ਦਿਨ ਮੌਕੇ ਭਾਸ਼ਣ ਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਬੱਚਿਆਂ ਨੇ ਪੰਜਾਬੀ ਲੋਕ-ਗੀਤਾਂ ’ਤੇ ਆਧਾਰਿਤ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ’ਚ ਹਿੱਸਾ ਲਿਆ। ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਇਹ ਤਿਉਹਾਰ ਉੱਤਰੀ ਭਾਰਤ ਦਾ ਵਿਸ਼ੇਸ਼ ਤਿਉਹਾਰ ਹੈ, ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਦਿਨ ਗੁਰਦੁਆਰਿਆਂ ਵਿਚ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਅਤੇ ਪਿੰਡਾਂ ਵਿਚ ਮੇਲੇ ਲੱਗਦੇ ਹਨ। ਇਸ ਮੌਕੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਅਤੇ ਬੱਚਿਆਂ ਵਿਚ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਹੋਵੇ।