ਵੱਖ-ਵੱਖ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਈ ਵਿਸਾਖੀ,
ਵੱਖ-ਵੱਖ ਪਿੰਡਾਂ ਵਿਚ ਉਤਸ਼ਾਹ ਨਾਲ ਮਨਾਈ ਵਿਸਾਖੀ,
Publish Date: Tue, 14 Apr 2026 07:11 PM (IST)
Updated Date: Wed, 15 Apr 2026 04:13 AM (IST)

ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਮੌਕੇ ਪਿੰਡਾਂ ’ਚ ਕਰਵਾਏ ਧਾਰਮਿਕ ਸਮਾਗਮ ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਅਤੇ ਹੰਡੇਸਰਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਖ਼ਾਲਸਾ ਪੰਥ ਦਾ ਸਿਰਜਣਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਸੰਗਤਾਂ ਨੇ ਭਾਰੀ ਗਿਣਤੀ ’ਚ ਸ਼ਮੂਲੀਅਤ ਕੀਤੀ। ਵਿਸਾਖੀ ਦੇ ਤਿਉਹਾਰ ਮੌਕੇ ਪਿੰਡ ਧਰਮਗੜ, ਡੈਹਰ, ਦੱਪਰ, ਜਾਸਤਨਾਂ ਕਲਾਂ, ਸਰਸੀਣੀ, ਰਾਣੀਮਾਜਰਾ, ਸਿਤਾਰਪੁਰ, ਹਮਾਂਯੂਪੁਰ-ਤਸਿੰਬਲੀ, ਜੌਲਾ ਕਲਾਂ, ਮਲਕਪੁਰ, ਸਰਦਾਰਪੁਰਾ ਤੇ ਲਾਲੜੂ ਮੰਡੀ ਆਦਿ ਪਿੰਡਾਂ ਦੇ ਗੁਰਦੁਆਰਿਆਂ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਖ਼ਾਲਸਾ ਪੰਥ ਦੀ ਸਿਰਜਣਾ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਡ ਧਰਮਗੜ੍ਹ ਵਿਖੇ ਖ਼ਾਲਸਾ ਪੰਥ ਦਾ ਸਿਰਜਣਾ ਦਿਵਸ ਮਨਾਇਆ ਗਿਆ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਬੀਬੀ ਕਿਰਨਜੀਤ ਕੌਰ ਪੰਜੋਲਾ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਖ਼ਾਲਸਾ ਪੰਥ ਦੀ ਸਿਰਜਣਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਏ ਸਿੱਖ ਧਰਮ ਦੀ ਮਹੱਤਤਾ ਤੇ ਸਿਧਾਂਤ ਬਾਰੇ ਚਾਨਣਾ ਪਾਉਂਦਿਆਂ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੁੜ ਕੇ ਅੰਮ੍ਰਿਤਧਾਰੀ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਖ਼ਾਲਸਾ ਸਿਰਜਣਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਧਰਮ ਇਕ ਵਿਲੱਖਣ ਧਰਮ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਬਲਿਦਾਨ ਦਿੱਤਾ ਸੀ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਆਪਣੇ ਧਰਮ ਨਾਲ ਜੁੜਨ ਅਤੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿਚ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਜਗਦੀਪ ਸਿੰਘ ਰਾਜਪੁਰਾ ਵਾਲੇ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ, ਪ੍ਰੀਤਮ ਸਿੰਘ, ਸੁਰਿੰਦਰ ਸਿੰਘ ਧਰਮਗੜ੍ਹ, ਮਨਦੀਪ ਸਿੰਘ, ਮਾਸਟਰ ਨੈਬ ਸਿੰਘ, ਸਤਪਾਲ ਸਿੰਘ, ਹਰਦੀਪ ਸਿੰਘ, ਅਮਰਜੀਤ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ, ਕ੍ਰਿਸ਼ਨ ਸਿੰਘ, ਬਲਜੀਤ ਸਿੰਘ ਤੇ ਬਲਿਹਾਰ ਸਿੰਘ ਆਦਿ ਵੀ ਹਾਜ਼ਰ ਸਨ। ਇਸੇ ਪ੍ਰਕਾਰ ਪਿੰਡ ਡੈਹਰ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਮਨਾਉਂਦਿਆਂ ਰਾਗੀ ਸਿੰਘਾਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।