ਮੁਹਾਲੀ 'ਚ ਹੰਗਾਮਾ: RMC ਪੁਆਇੰਟ 'ਤੇ ਲੱਗੀ ਭਿਆਨਕ ਅੱਗ, ਸਾਬਕਾ ਮੇਅਰ ਜੀਤੀ ਸਿੱਧੂ ਤੇ ਅਕਾਲੀ ਆਗੂ ਬੀਬੀ ਕੰਗ ਵਿਚਾਲੇ ਹੋਈ ਤਿੱਖੀ ਬਹਿਸ!
ਮੁਹਾਲੀ ਦੇ ਫੇਜ਼-5 ਵਿਚ ਸਥਿਤ ਆਰਐਮਸੀ ਪੁਆਇੰਟ ਦੇ ਬਾਹਰ ਖੁੱਲੇ ਮੈਦਾਨ ਵਿਚ ਪਏ ਸੁੱਕੇ ਪੱਤਿਆਂ ਅਤੇ ਕੂੜੇ ਦੇ ਵੱਡੇ ਢੇਰ ਨੂੰ ਲੰਘੀ ਦੇਰ ਰਾਤ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਸਨਅਤੀ ਖੇਤਰ ਫੇਜ਼ ਪੰਜ ਅਤੇ ਰਿਹਾਇਸ਼ੀ ਖੇਤਰ ਫੇਜ਼ ਚਾਰ ਅਤੇ ਫੇਜ ਪੰਜ ਵਿਚ ਰਹਿੰਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਅਤੇ ਵੱਡੀ ਗਿਣਤੀ ਵਿਚ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਸੜਕ 'ਤੇ ਆ ਗਏ ਅਤੇ ਪੰਜਾਬ ਸਰਕਾਰ, ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਰੱਜ ਕੇ ਕੋਸਿਆ। ਇਸ ਦੌਰਾਨ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ ਵਿਚਾਲੇ ਤਲਖੀ ਹੋ ਗਈ।
Publish Date: Wed, 15 Apr 2026 10:48 AM (IST)
Updated Date: Wed, 15 Apr 2026 10:50 AM (IST)

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਐਸ. ਏ. ਐਸ. ਨਗਰ: ਮੁਹਾਲੀ ਦੇ ਫੇਜ਼-5 ਵਿਚ ਸਥਿਤ ਆਰਐਮਸੀ ਪੁਆਇੰਟ ਦੇ ਬਾਹਰ ਖੁੱਲੇ ਮੈਦਾਨ ਵਿਚ ਪਏ ਸੁੱਕੇ ਪੱਤਿਆਂ ਅਤੇ ਕੂੜੇ ਦੇ ਵੱਡੇ ਢੇਰ ਨੂੰ ਲੰਘੀ ਦੇਰ ਰਾਤ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਸਨਅਤੀ ਖੇਤਰ ਫੇਜ਼ ਪੰਜ ਅਤੇ ਰਿਹਾਇਸ਼ੀ ਖੇਤਰ ਫੇਜ਼ ਚਾਰ ਅਤੇ ਫੇਜ ਪੰਜ ਵਿਚ ਰਹਿੰਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਅਤੇ ਵੱਡੀ ਗਿਣਤੀ ਵਿਚ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਸੜਕ 'ਤੇ ਆ ਗਏ ਅਤੇ ਪੰਜਾਬ ਸਰਕਾਰ, ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਰੱਜ ਕੇ ਕੋਸਿਆ। ਇਸ ਦੌਰਾਨ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਅਕਾਲੀ ਆਗੂ ਤੇ ਸਾਬਕਾ ਕੌਂਸਲਰ ਬੀਬੀ ਕੁਲਦੀਪ ਕੌਰ ਕੰਗ ਵਿਚਾਲੇ ਤਲਖੀ ਹੋ ਗਈ।
ਜਾਣਕਾਰੀ ਅਨੁਸਾਰ ਇਹ ਕੂੜਾ ਕਈ ਦਿਨਾਂ ਤੋਂ ਇੱਥੇ ਇਕੱਠਾ ਹੋ ਰਿਹਾ ਸੀ ਅਤੇ ਇਸੇ ਥਾਂ ਨੇੜੇ ਹਫ਼ਤਾਵਾਰੀ ਸਬਜ਼ੀ ਮੰਡੀ ਵੀ ਲੱਗਦੀ ਹੈ, ਜਿੱਥੇ ਹਰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਪਿਛਲੇ ਦਿਨੀਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਸਥਾਨ ਦਾ ਦੌਰਾ ਕਰਕੇ ਸੰਭਾਵਿਤ ਖਤਰੇ ਬਾਰੇ ਚੇਤਾਵਨੀ ਦਿੱਤੀ ਸੀ ਕਿ ਜੇ ਇੱਥੇ ਅੱਗ ਲੱਗੀ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਇਹ ਖਦਸ਼ਾ ਬੀਤੀ ਰਾਤ ਹਕੀਕਤ ਬਣ ਗਿਆ। ਅੱਗ ਕਾਰਨ ਪੱਤਿਆਂ ਅਤੇ ਕੂੜੇ 'ਚੋਂ ਭਾਰੀ ਮਾਤਰਾ ਵਿਚ ਧੂੰਆਂ ਨਿਕਲਿਆ, ਜੋ ਪੂਰੇ ਇਲਾਕੇ ਵਿਚ ਫੈਲ ਗਿਆ। ਹਾਲਾਂਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ, ਪਰ ਹਾਲਾਤ ਕਾਫੀ ਗੰਭੀਰ ਬਣ ਗਏ ਸਨ। ਅੱਗ ‘ਤੇ ਕਾਬੂ ਪਾਉਣ ਲਈ ਮੁਹਾਲੀ ਫਾਇਰ ਬ੍ਰਿਗੇਡ ਦੀਆਂ ਲਗਭਗ ਅੱਧਾ ਦਰਜਨ ਗੱਡੀਆਂ ਨੂੰ ਘੰਟਿਆਂਬੱਧੀ ਸਖ਼ਤ ਮਿਹਨਤ ਕਰਨੀ ਪਈ, ਫਿਰ ਵੀ ਕਾਫੀ ਸਮੇਂ ਤੱਕ ਧੂੲਆਂ ਉੱਠਦਾ ਰਿਹਾ। ਇਸ ਘਟਨਾ ਤੋਂ ਗੁੱਸੇ ਵਿਚ ਆਏ ਫੇਜ਼-5, ਫੇਜ਼-4 ਅਤੇ ਪਿੰਡ ਸ਼ਾਹੀਮਾਜਰਾ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਆਰਐਮਸੀ ਪੁਆਇੰਟ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਜਦ ਤੱਕ ਇਹ ਪੁਆਇੰਟ ਇੱਥੋਂ ਹਟਾਇਆ ਨਹੀਂ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਸਾਬਕਾ ਮੇਅਰ ਜੀਤੀ ਸਿੱਧੂ, ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਕੌਂਸਲਰ ਜਗਦੀਸ਼ ਸਿੰਘ ਜੱਗਾ, ਕਮਲਪ੍ਰੀਤ ਸਿੰਘ ਬੰਨੀ, ਆਮ ਆਦਮੀ ਪਾਰਟੀ ਦੀ ਆਗੂ ਅੰਨੂ ਬੱਬਰ, ਅਕਾਲੀ ਦਲ ਦੀ ਆਗੂ ਕੁਲਦੀਪ ਕੌਰ ਕੰਗ ਅਤੇ ਹੋਰ ਕਈ ਸਮਾਜਿਕ ਤੇ ਰਾਜਸੀ ਆਗੂਆਂ ਨਾਲ ਸਥਾਨਕ ਨਾਗਰਿਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਇਸ ਅੱਗ ਕਾਰਨ ਪੈਦਾ ਹੋਇਆ ਧੂੰਆਂ ਇਲਾਕੇ ਦੀ ਹਵਾ ਦੀ ਗੁਣਵੱਤਾ ‘ਤੇ ਗੰਭੀਰ ਅਸਰ ਛੱਡ ਗਿਆ। ਲੋਕਾਂ ਨੇ ਦੱਸਿਆ ਕਿ ਰਾਤ ਭਰ ਸਾਹ ਲੈਣ ਵਿਚ ਦਿੱਕਤ, ਅੱਖਾਂ ਵਿਚ ਜਲਣ ਅਤੇ ਘੁੱਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮਾਹਰਾਂ ਦੇ ਮੁਤਾਬਕ, ਇਸ ਤਰ੍ਹਾਂ ਦੇ ਕੂੜੇ ਨੂੰ ਖੁੱਲ੍ਹੇ ਵਿਚ ਇਕੱਠਾ ਕਰਨਾ ਅਤੇ ਉਸਦਾ ਸਹੀ ਪ੍ਰਬੰਧ ਨਾ ਹੋਣਾ ਵਾਤਾਵਰਣ ਲਈ ਖਤਰਨਾਕ ਹੈ ਅਤੇ ਇਸ ਨਾਲ ਲੰਮੇ ਸਮੇਂ ਲਈ ਸਿਹਤ ਸਬੰਧੀ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਅਤੇ ਢੁੱਕਵੇਂ ਕਦਮ ਚੁੱਕੇ ਜਾਣ।