ਚੰਡੀਗੜ੍ਹ ਨਗਰ ਨਿਗਮ ’ਚ ਹੰਗਾਮਾ: ਐਨੀਮਲ ਲਵਰ ਤੇ ਕਮਿਸ਼ਨਰ ਵਿਚਾਲੇ ਤਿੱਖੀ ਬਹਿਸ, ਵੀਡੀਓ ਵਾਇਰਲ
ਚੰਡੀਗੜ੍ਹ ਨਗਰ ਨਿਗਮ 'ਚ ਹੰਗਾਮਾ: ਐਨੀਮਲ ਲਵਰ ਅਤੇ ਕਮਿਸ਼ਨਰ ਵਿਚਾਲੇ ਤਿੱਖੀ ਬਹਿਸ, ਵੀਡੀਓ ਵਾਇਰਲ
Publish Date: Mon, 02 Feb 2026 10:27 PM (IST)
Updated Date: Mon, 02 Feb 2026 10:28 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਦਫ਼ਤਰ ਵਿਚ ਸੋਮਵਾਰ ਨੂੰ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਪਸ਼ੂ ਪ੍ਰੇਮੀ ਨੌਜਵਾਨ ਅਤੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਵਿਚਕਾਰ ਤਿੱਖੀ ਬਹਿਸ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਪਛਾਣ ਸਾਰਥਕ ਜੈਨ ਵਜੋਂ ਹੋਈ ਹੈ, ਜੋ ਆਪਣੇ ਆਪ ਨੂੰ ਇੱਕ ਪਸ਼ੂ ਪ੍ਰੇਮੀ ਸੰਗਠਨ ਨਾਲ ਜੁੜਿਆ ਹੋਇਆ ਦੱਸ ਰਿਹਾ ਸੀ। ਸਾਰਥਕ ਜੈਨ ਰਾਏਪੁਰ ਕਲਾਂ ਖੇਤਰ ਵਿਚ ਇਕ ਆਵਾਰਾ ਕੁੱਤੇ ਦੀ ਸਹੀ ਤਰੀਕੇ ਨਾਲ ਦੇਖਭਾਲ ਨਾ ਹੋਣ ਕਾਰਨ ਨਿਗਮ ਦੇ ਅਧਿਕਾਰੀਆਂ ਤੋਂ ਨਾਰਾਜ਼ ਸੀ। ਨੌਜਵਾਨ ਦਾ ਦੋਸ਼ ਸੀ ਕਿ ਨਿਗਮ ਦੀ ਲਾਪ੍ਰਵਾਹੀ ਕਾਰਨ ਕੁੱਤੇ ਦੀ ਹਾਲਤ ਵਿਗੜ ਗਈ। ਉਹ ਇਸ ਮਾਮਲੇ ਵਿਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਸੀ। ਗੱਲਬਾਤ ਦੌਰਾਨ ਦੋਵਾਂ ਪਾਸਿਆਂ ਤੋਂ ਗਰਮਾ-ਗਰਮੀ ਹੋ ਗਈ, ਜਿਸ ਤੋਂ ਬਾਅਦ ਨਿਗਮ ਦੇ ਸੁਰੱਖਿਆ ਕਰਮੀਆਂ ਨੇ ਨੌਜਵਾਨ ਨੂੰ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿਚ ਨੌਜਵਾਨ ਅਤੇ ਨਿਗਮ ਕਮਿਸ਼ਨਰ ਵਿਚਾਲੇ ਉੱਚੀ ਆਵਾਜ਼ ਵਿਚ ਬਹਿਸ ਹੁੰਦੀ ਸਾਫ਼ ਦਿਖਾਈ ਦੇ ਰਹੀ ਹੈ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੱਥੋਂਪਾਈ ਹੋਣ ਦੀ ਖ਼ਬਰ ਨਹੀਂ ਹੈ। ਫਿਲਹਾਲ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਤੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਪਸ਼ੂ ਪ੍ਰੇਮੀਆਂ ਦੇ ਸੰਗਠਨਾਂ ਨੇ ਨੌਜਵਾਨ ਦਾ ਸਮਰਥਨ ਕਰਦਿਆਂ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕੀਤੇ ਹਨ।