ਕੇਂਦਰੀ ਬਜਟ 2026-27 ਇੱਕ ਇਤਿਹਾਸਕ ਕਦਮ : ਰਣਜੀਤ ਗਿੱਲ
ਕੇਂਦਰੀ ਬਜਟ 2026-27: 'ਵਿਕਸਿਤ ਭਾਰਤ' ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਵਾਲਾ ਇਕ ਇਤਿਹਾਸਕ ਕਦਮ : ਰਣਜੀਤ ਗਿੱਲ
Publish Date: Mon, 02 Feb 2026 07:51 PM (IST)
Updated Date: Mon, 02 Feb 2026 07:52 PM (IST)

ਮਹਿਰਾ, ਪੰਜਾਬੀ ਜਾਗਰਣ ਖਰੜ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਗਿੱਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਮੋਦੀ ਸਰਕਾਰ ਦੇ 80ਵੇਂ ਬਜਟ ਦਾ ਭਰਪੂਰ ਸਵਾਗਤ ਕਰਦਿਆਂ ਇਸ ਨੂੰ ਦੇਸ਼ ਦੀ ਆਰਥਿਕਤਾ ਲਈ ਇੱਕ ਨਵਾਂ ਮੋੜ ਦੱਸਿਆ ਹੈ। ਮੀਡੀਆ ਨਾਲ ਰੂਬਰੂ ਹੁੰਦਿਆਂ ਰਣਜੀਤ ਗਿੱਲ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ 83 ਮਿੰਟਾਂ ਦੇ ਭਾਸ਼ਣ ਵਿਚ ਦੇਸ਼ ਦੀ ਤਰੱਕੀ ਦਾ ਜੋ ਰੋਡਮੈਪ ਪੇਸ਼ ਕੀਤਾ ਹੈ, ਉਹ ‘ਸਭ ਦਾ ਸਾਥ-ਸਭ ਦਾ ਵਿਕਾਸ’ ਦੇ ਨਾਅਰੇ ਨੂੰ ਸਹੀ ਮਾਅਨਿਆਂ ਵਿਚ ਸਾਰਥਕ ਕਰਦਾ ਹੈ। ਉਨ੍ਹਾਂ ਮੁਤਾਬਿਕ ਇਹ ਬਜਟ ਆਰਥਿਕ ਵਿਕਾਸ ਦੀ ਤੇਜ਼ ਰਫ਼ਤਾਰ ਅਤੇ ਮੱਧ ਵਰਗੀ ਪਰਿਵਾਰਾਂ ਦੀਆਂ ਇੱਛਾਵਾਂ ਦਾ ਸੁਮੇਲ ਹੈ, ਜਿਸ ਵਿਚ ਨੌਜਵਾਨਾਂ ਅਤੇ ਖ਼ਾਸ ਕਰ ਕੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਦੂਰਗਾਮੀ ਐਲਾਨ ਕੀਤੇ ਗਏ ਹਨ। ਦੇਸ਼ ਦੇ ਬੁਨਿਆਦੀ ਢਾਂਚੇ ਵਿਚ ਹੋਣ ਵਾਲੇ ਸੁਧਾਰਾਂ ਦਾ ਜ਼ਿਕਰ ਕਰਦਿਆਂ ਰਣਜੀਤ ਗਿੱਲ ਨੇ ਦੱਸਿਆ ਕਿ ਸਰਕਾਰ ਵੱਲੋਂ ਪੂੰਜੀਗਤ ਖਰਚ ਨੂੰ 9 ਫ਼ੀਸਦੀ ਵਧਾ ਕੇ ₹12.2 ਲੱਖ ਕਰੋੜ ਕਰਨਾ ਇਕ ਇਤਿਹਾਸਕ ਪ੍ਰਾਪਤੀ ਹੈ। ਇਸ ਨਾਲ ਨਾ ਸਿਰਫ਼ ਦੇਸ਼ ਵਿਚ ਨਵੀਆਂ ਸੜਕਾਂ, ਪੁਲ਼ ਅਤੇ ਰੇਲਵੇ ਲਾਈਨਾਂ ਦਾ ਨਿਰਮਾਣ ਤੇਜ਼ ਹੋਵੇਗਾ, ਸਗੋਂ ਦਿੱਲੀ-ਵਾਰਾਣਸੀ ਅਤੇ ਮੁੰਬਈ-ਪੁਣੇ ਵਰਗੇ 7 ਪ੍ਰਮੁੱਖ ਰੂਟਾਂ ’ਤੇ ਵਿਕਸਿਤ ਕੀਤੇ ਜਾਣ ਵਾਲੇ ਹਾਈ-ਸਪੀਡ ਰੇਲ ਕਾਰੀਡੋਰ ਭਾਰਤ ਦੀ ਰਫ਼ਤਾਰ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ। ਟੈਕਸ ਪ੍ਰਣਾਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 1 ਅਪ੍ਰੈਲ, 2026 ਤੋਂ ਲਾਗੂ ਹੋਣ ਵਾਲਾ ਨਵਾਂ ਇਨਕਮ ਟੈਕਸ ਐਕਟ ਟੈਕਸ ਨਿਯਮਾਂ ਨੂੰ ਸਰਲ ਬਣਾ ਕੇ ਆਮ ਜਨਤਾ ਅਤੇ ਮੱਧ ਵਰਗ ਨੂੰ ਵੱਡੀ ਰਾਹਤ ਦੇਵੇਗਾ। ਇਸ ਦੇ ਨਾਲ ਹੀ ਵਿਦੇਸ਼ੀ ਪੜ੍ਹਾਈ ਅਤੇ ਵਿਦੇਸ਼ ਪੈਸੇ ਭੇਜਣ ’ਤੇ ਲੱਗਣ ਵਾਲੇ ਟੀਸੀਐੱਸ ਨੂੰ 5 ਫ਼ੀਸਦੀ ਤੋਂ ਘਟਾ ਕੇ 2 ਫ਼ੀਸਦੀ ਕਰਨਾ ਸਰਕਾਰ ਦਾ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਲੋਕ-ਪੱਖੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਨਾ ਸਿਰਫ਼ ਅੰਕੜਿਆਂ ਦਾ ਸੰਗ੍ਰਹਿ ਹੈ, ਸਗੋਂ ਇਹ ਹਰ ਭਾਰਤੀ ਦੀਆਂ ਉਮੀਦਾਂ ਦਾ ਪ੍ਰਤੀਬਿੰਬ ਹੈ, ਜੋ ਦੇਸ਼ ਨੂੰ ਵਿਸ਼ਵ ਗੁਰੂ ਵਜੋਂ ਸਥਾਪਿਤ ਕਰਨ ਲਈ ਤਿਆਰ ਕੀਤਾ ਗਿਆ ਹੈ।