- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੜਕਦੀ ਠੰਡ ’ਚ ਬੈਠੀ ਲਾਵਾਰਿਸ ਔਰਤ ਨੂੰ ਪਰਿਵਾਰ ਨਾਲ ਮਿਲਾਇਆ,

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕੁਰਾਲੀ : ਇਲਾਕੇ ਵਿਚ ਹੱਡ ਭੰਨਵੀਂ ਠੰਢ ਦੌਰਾਨ ਬੀਤੀ ਰਾਤ ਕੁਰਾਲੀ ਦੇ ਮੋਰਿੰਡਾ ਰੋਡ ’ਤੇ ਦੇਰ ਰਾਤ ਲਾਵਾਰਿਸ ਹਾਲਤ ਵਿਚ ਬੈਠੀ ਇਕ ਔਰਤ ਦੇ ਮਾਮਲੇ ਨੂੰ ਕੋਮਲ ਮਿੱਤਲ, ਡਿਪਟੀ ਕਮਿਸ਼ਨਰ ਮੁਹਾਲੀ ਨੇ ਗੰਭੀਰਤਾ ਨਾਲ ਲੈਂਦਿਆਂ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰਵਾਉਣ ’ਚ ਮਦਦ ਕੀਤੀ। ਬੀਤੀ ਰਾਤ ਕੁਰਾਲੀ ਦੇ ਮੋਰਿੰਡਾ ਰੋਡ ’ਤੇ ਬਾਈਪਾਸ ਨੇੜੇ ਇਕ ਔਰਤ ਕੜਕਦੀ ਠੰਢ ਵਿਚ ਬੈਠੀ ਸੀ, ਇਸ ਸਬੰਧੀ ਕੁਰਾਲੀ ਦੇ ਪੱਤਰਕਾਰ ਅਤੇ ਸਮਾਜ ਸੇਵੀ ਆਗੂ ਸੁਖਜਿੰਦਰਜੀਤ ਸਿੰਘ ਸੋਢੀ ਨੂੰ ਪਤਾ ਲੱਗਣ ’ਤੇ ਉਹ ਆਪਣੀ ਟੀਮ ਪ੍ਰਭਦੀਪ ਸਿੰਘ ਸੋਢੀ, ਰਾਜਾ ਸਿੰਘ, ਰਣਬੀਰ ਸਿੰਘ ਲਾਡੀ, ਬੇਅੰਤ ਸਿੰਘ ਟੋਨੀ ਅਤੇ ਹੋਰਨਾਂ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਆਪਣੇ ਪੱਧਰ ’ਤੇ ਸੋਢੀ ਵੱਲੋਂ ਇਹ ਮਾਮਲਾ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਦੇ ਧਿਆਨ ਵਿਚ ਲਿਆਂਦਾ ਗਿਆ।
ਪੱਤਰਕਾਰ ਅਤੇ ਸਮਾਜ ਸੇਵੀ ਸੋਢੀ ਅਨੁਸਾਰ ਇਲਾਕੇ ਵਿਚ ਹੱਡ ਭੰਨਵੀਂ ਠੰਢ ਦਾ ਪ੍ਰਕੋਪ ਵਧਣ ਕਾਰਨ ਜਿੱਥੇ ਹਰ ਜੀਵ ਜੰਤੂ ਅਤੇ ਇਨਸਾਨ ਇਸਦੇ ਕਹਿਰ ਤੋਂ ਬਚਣ ਲਈ ਗਰਮ ਥਾਵਾਂ ਅਤੇ ਰਜਾਈਆਂ ਦਾ ਨਿੱਘ ਮਾਣ ਰਹੇ ਹਨ, ਉਥੇ ਹੀ ਮਾਨਸਿਕ ਤੌਰ ’ਤੇ ਬਿਮਾਰ ਇਹ ਔਰਤ ਠੰਢ ਵਿਚ ਕਾਫ਼ੀ ਤਰਸਯੋਗ ਹਾਲਤ ਵਿਚ ਸੜਕ ਕਿਨਾਰੇ ਬੈਠੀ ਸੀ।
ਡਿਪਟੀ ਕਮਿਸ਼ਨਰ ਮੁਹਾਲੀ ਨੇ ਤੁਰੰਤ ਬਿਨਾਂ ਕਿਸੇ ਦੇਰੀ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਰਾਲੀ ਪੁਲਿਸ ਅਤੇ ਨਗਰ ਕੌਂਸਲ ਕੁਰਾਲੀ ਨੂੰ ਇਸ ਸਬੰਧੀ ਫੌਰੀ ਕਾਰਵਾਈ ਦਾ ਆਦੇਸ਼ ਦਿੱਤਾ। ਰਜਨੀਸ਼ ਸੂਦ ਕਾਰਜਸਾਧਕ ਅਫ਼ਸਰ ਵੱਲੋਂ ਨਗਰ ਕੌਂਸਲ ਦੀ ਟੀਮ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ ਅਤੇ ਇਸਦੇ ਨਾਲ ਹੀ ਕੁਰਾਲੀ ਪੁਲਿਸ ਦੇ ਐੱਸਆਈ ਜੀਤ ਰਾਮ ਅਤੇ ਏਐੱਸਆਈ ਸ੍ਰੀਚੰਦ ਵੀ ਮਹਿਲਾ ਪੁਲਿਸ ਅਧਿਕਾਰੀ ਅਮਨਦੀਪ ਕੌਰ ਵੀ ਮੌਕੇ ’ਤੇ ਪਹੁੰਚ ਗਏ। ਇਸਦੇ ਨਾਲ ਹੀ ਐੱਸਡੀਐੱਮ ਦਫ਼ਤਰ ਖਰੜ ਤੋਂ ਰਣਵਿੰਦਰ ਸਿੰਘ, ਕੁਰਾਲੀ ਦੇ ਪਟਵਾਰੀ ਸ਼ਿਵ ਕੁਮਾਰ ਅਤੇ ਸੀਡੀਪੀਓ ਦਫ਼ਤਰ ਖਰੜ ਅਤੇ ਬਲਾਕ ਮਾਜਰੀ ਦੀਆਂ ਟੀਮਾਂ ਵੀ ਤੁਰੰਤ ਹਰਕਤ ਵਿਚ ਆ ਗਈਆਂ।
ਡਿਪਟੀ ਕਮਿਸ਼ਨਰ ਵੱਲੋਂ ਭੇਜੀਆਂ ਟੀਮਾਂ ਵੱਲੋਂ ਇਸ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਲਾਵਾਰਿਸ ਔਰਤ ਦੇ ਪਰਿਵਾਰ ਨੂੰ ਲੱਭਿਆ ਗਿਆ, ਜੋ ਕਿ ਕੁਰਾਲੀ ਦੇ ਵਾਰਡ ਨੰ. 12 ਵਿਖੇ ਕਿਰਾਏ ’ਤੇ ਰਹਿੰਦਾ ਸੀ ਅਤੇ ਇਨ੍ਹਾਂ ਦਾ ਪਿਛੋਕੜ ਉੱਤਰ ਪ੍ਰਦੇਸ਼ ਤੋਂ ਹੈ। ਇਸ ਔਰਤ ਜਿਸਦਾ ਨਾਮ ਤਾਰੇਸ਼ ਹੈ, ਨੂੰ ਉਸਦੇ ਪੁੱਤਰ ਲਛਮਣ, ਨੂੰਹਾਂ ਵਨੀਸ਼ਾ ਅਤੇ ਦਿਆਵਤੀ ਦੇ ਹਵਾਲੇ ਕਰ ਦਿੱਤਾ। ਤਾਰੇਸ਼ ਨਾਮਕ ਇਸ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸਦੇ ਪਤੀ ਦੀ ਮੌਤ ਤੋਂ ਬਾਅਦ ਉਸਦਾ ਦਿਮਾਗੀ ਸੰਤੁਲਨ ਖ਼ਰਾਬ ਰਹਿਣ ਲੱਗ ਪਿਆ ਹੈ ਅਤੇ ਉਨ੍ਹਾਂ ਦੁਆਰਾ ਧਿਆਨ ਰੱਖਣ ਦੇ ਬਾਵਜੂਦ ਕਈ ਵਾਰ ਉਹ ਘਰ ਛੱਡ ਜਾਂਦੀ ਹੈ। ਇਸ ਮੌਕੇ ਹਾਜ਼ਰ ਸਮਾਜ ਸੇਵੀ ਸੁਖਜਿੰਦਰਜੀਤ ਸਿੰਘ ਸੋਢੀ ਅਤੇ ਸ਼ਹਿਰ ਵਾਸੀਆਂ ਵੱਲੋਂ ਇਸ ਮਾਮਲੇ ਨੂੰ ਤੁਰੰਤ ਗੰਭੀਰਤਾ ਨਾਲ ਲੈਂਦਿਆਂ ਇਸ ਸਬੰਧੀ ਕਾਰਵਾਈ ਕਰਦਿਆਂ ਸਮੁੱਚੇ ਵਿਭਾਗਾਂ ਦੀਆਂ ਟੀਮਾਂ ਭੇਜਣ ’ਤੇ ਡਿਪਟੀ ਕਮਿਸ਼ਨਰ ਮੁਹਾਲੀ ਦਾ ਧੰਨਵਾਦ ਕੀਤਾ ਗਿਆ ਹੈ।