ਜਾਅਲੀ ਸਰਟੀਫਿਕੇਟ ਮਾਮਲੇ ’ਚ ਗ੍ਰਿਫ਼ਤਾਰ ਦਾ ਦੋ ਦਿਨਾਂ ਪੁਲਿਸ ਰਿਮਾਂਡ
ਜਾਅਲੀ ਸਰਟੀਫਿਕੇਟ ਮਾਮਲੇ ’ਚ ਗ੍ਰਿਫ਼ਤਾਰ ਦਾ ਦੋ ਦਿਨਾਂ ਪੁਲਿਸ ਰਿਮਾਂਡ
Publish Date: Mon, 23 Mar 2026 09:58 PM (IST)
Updated Date: Mon, 23 Mar 2026 10:01 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਜਾਅਲੀ ਸਰਟੀਫਿਕੇਟ ਮਾਮਲੇ ਵਿਚ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਚੋਲੇ ਜਗਤਾਰ ਸਿੰਘ ਨੂੰ ਅਦਾਲਤ ਵੱਲੋਂ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਬਾਰੇ ਵੀ ਪੁੱਛਗਿੱਛ ਜਾਰੀ ਹੈ। ਇਸ ਮਾਮਲੇ ਵਿਚ ਪੁਲਿਸ ਪਹਿਲਾਂ ਹੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਬਨੂੜ ਦੇ ਪਿੰਡ ਉੱਚਾ ਖੇੜਾ ਦਾ ਰਹਿਣ ਵਾਲਾ ਜਗਤਾਰ ਸਿੰਘ (45), ਜੋ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਦਿਹਾੜੀ ’ਤੇ ਕੰਮ ਕਰਦਾ ਸੀ, ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਇਹ ਐੱਫਆਈਆਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਾਇਕ ਸਕੱਤਰ ਹਰਪ੍ਰੀਤਪਾਲ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਵਿਚ ਦੱਸਿਆ ਗਿਆ ਕਿ ਪੰਜਾਬ ਫਾਰਮੇਸੀ ਕੌਂਸਲ ਵੱਲੋਂ 4 ਅਪ੍ਰੈਲ 2024 ਨੂੰ ਭੇਜੇ ਪੱਤਰ ਰਾਹੀਂ ਜਾਣਕਾਰੀ ਮਿਲੀ ਸੀ ਕਿ 2023 ਵਿਚ ਤਸਦੀਕ ਲਈ ਭੇਜੇ ਗਏ ਦੋ ਉਮੀਦਵਾਰਾਂ ਦੇ 12ਵੀਂ ਜਮਾਤ ਦੇ ਸਰਟੀਫਿਕੇਟ ਪਹਿਲੀ ਰਿਪੋਰਟ ਵਿਚ ਵੈਧ ਕਰਾਰ ਦਿੱਤੇ ਗਏ ਸਨ, ਜਦਕਿ ਦੂਜੀ ਰਿਪੋਰਟ ਵਿਚ ਉਨ੍ਹਾਂ ਨੂੰ ਜਾਅਲੀ ਦੱਸਿਆ ਗਿਆ। ਬੋਰਡ ਦੇ ਜੁਆਇੰਟ ਸਕੱਤਰ ਵੱਲੋਂ ਕੀਤੀ ਗਈ ਜਾਂਚ ਦੌਰਾਨ ਰਿਕਾਰਡ ਨਾਲ ਛੇੜਛਾੜ ਅਤੇ ਵੱਡੇ ਪੱਧਰ ’ਤੇ ਗੜਬੜੀਆਂ ਸਾਹਮਣੇ ਆਈਆਂ। ਜਾਂਚ ਵਿਚ ਪਤਾ ਲੱਗਿਆ ਕਿ ਸਰਟੀਫਿਕੇਟ ਰਣਜੀਤ ਸਿੰਘ ਅਤੇ ਰਾਜਿੰਦਰ ਸਿੰਘ ਵੱਲੋਂ ਹੱਥੋਂ ਪ੍ਰਾਪਤ ਕੀਤੇ ਗਏ ਸਨ ਪਰ ਸਬੰਧਤ ਸ਼ਾਖਾ ਵਿਚ ਦਰਜ ਨਹੀਂ ਕੀਤੇ ਗਏ। ਉਸ ਸਮੇਂ ਵੈਰੀਫਿਕੇਸ਼ਨ ਸੈਕਸ਼ਨ ਦਾ ਕਲਰਕ ਛੁੱਟੀ ’ਤੇ ਸੀ ਅਤੇ ਉਸ ਦੀ ਥਾਂ ਸੀਨੀਅਰ ਅਸਿਸਟੈਂਟ ਪਰਵਿੰਦਰ ਸਿੰਘ ਕੰਮ ਕਰ ਰਿਹਾ ਸੀ। ਇਕ ਉਮੀਦਵਾਰ ਅਜੇ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਉਸ ਨੂੰ ਜਾਅਲੀ ਸਰਟੀਫਿਕੇਟ ਕ੍ਰਿਸ਼ਨ ਸਿੰਘ ਵੱਲੋਂ ਦਿੱਤਾ ਗਿਆ ਸੀ, ਜਿਸ ਲਈ ਉਸ ਨੇ 65 ਹਜ਼ਾਰ ਰੁਪਏ ਅਦਾ ਕੀਤੇ ਸਨ। ਜਾਂਚ ਦੌਰਾਨ ਕੁਲਦੀਪ ਸਿੰਘ, ਅਜੇ ਸ਼ਰਮਾ, ਪਰਵਿੰਦਰ ਸਿੰਘ, ਰਾਜਿੰਦਰ ਸਿੰਘ, ਰਣਜੀਤ ਸਿੰਘ ਅਤੇ ਕ੍ਰਿਸ਼ਨ ਸਿੰਘ ਨੂੰ ਵੀ ਧੋਖਾਧੜੀ ਵਿਚ ਸ਼ਾਮਲ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਥਾਣਾ ਫੇਜ਼-8 ਦੀ ਪੁਲਿਸ ਨੇ 18 ਮਾਰਚ ਨੂੰ ਵਿਚੋਲੇ ਕਿਸ਼ਨ ਸਿੰਘ ਅਤੇ ਬਿਨੈਕਾਰ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਨਿਆਇਕ ਹਿਰਾਸਤ ਹੇਠ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਸਬੰਧੀ ਥਾਣਾ ਫੇਜ਼-8 ਵਿਖੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ ਤਹਿਤ 2025 ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਰਿਮਾਂਡ ਦੌਰਾਨ ਹੋਰ ਮਹੱਤਵਪੂਰਨ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।