ਦੋ ਚੋਰਾਂ ਨੂੰ ਕਾਬੂ ਕਰ ਕੇ ਪੰਜ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ
ਦੋ ਚੋਰਾਂ ਨੂੰ ਕਾਬੂ ਕਰਕੇ ਪੰਜ ਚੋਰੀ ਦੇ ਮੋਟਰਸਾਈਕਲ ਕੀਤੇ ਬਰਾਮਦ
Publish Date: Sat, 07 Feb 2026 07:11 PM (IST)
Updated Date: Sat, 07 Feb 2026 07:14 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ 2 ਮੋਟਰਸਾਈਕਲ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕਾਰ ਚੋਰੀ ਦੇ ਇਕ ਮਾਮਲੇ ’ਚ ਪੁਲਿਸ ਦੀ ਨਾਕੇਬੰਦੀ ਦੇ ਡਰ ਕਾਰਨ ਚੋਰ ਕਾਰ ਛੱਡ ਕੇ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ’ਤੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਦੌਰਾਨ ਥਾਣਾ ਫੇਜ 11 ਦੇ ਐੱਸਐੱਚਓ ਇੰਸਪੈਕਟਰ ਅਮਨ ਬੈਦਵਾਣ ਦੀ ਅਗਵਾਈ ਵਿਚ ਪੁਲਿਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਵਾਸੀ ਸੈਕਟਰ 38-ਡੀ ਚੰਡੀਗੜ੍ਹ ਨੇ 112 ’ਤੇ ਦਰਖ਼ਾਸਤ ਦਰਜ ਕਰਾਈ ਸੀ ਕਿ ਉਸਦੀ ਮੋਟਰਸਾਈਕਲ ਸੀਪੀ ਮਾਲ ਦੇ ਬਾਹਰ ਤੋਂ ਚੋਰੀ ਹੋ ਗਈ ਹੈ, ਜਿਸ ’ਤੇ ਸ਼ਹਿਰ ਵਿਚ ਲੱਗੇ ਪੁਲਿਸ ਨਾਕਿਆਂ ਨੂੰ ਵਾਇਰਲੈੱਸ ਰਾਹੀਂ ਅਲਰਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰਾਂ ਨੇ ਪੁਲਿਸ ਨਾਕਾ ਵੇਖ ਕੇ ਭੱਜਣ ਦੀ ਕੋਸ਼ਿਸ ਕੀਤੀ ਪਰੰਤੂ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਹਰਮਨਜੋਤ ਸਿੰਘ (ਦੋਵੇਂ ਵਾਸੀ ਬਠਲਾਣਾ) ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਚੋਰੀ ਕੀਤੇ ਹੋਏ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਦੂਜੇ ਮਾਮਲੇ ਵਿਚ ਸੁਮਿਤ ਲਖੋਤਰਾ ਵੱਲੋਂ ਆਪਣੀ ਵਰਨਾ ਕਾਰ ਸੀਪੀ ਮਾਲ ਦੇ ਬਾਹਰੋਂ ਚੋਰੀ ਹੋਣ ਸਬੰਧੀ ਦਰਖ਼ਾਸਤ ਦਿੱਤੀ ਗਈ। ਇਸ ਮਾਮਲੇ ਵਿਚ ਥਾਣਾ ਫੇਜ-11 ਦੇ ਮੁੱਖ ਅਫ਼ਸਰ ਇੰਸਪੈਕਟਰ ਅਮਨ ਬੈਦਵਾਣ ਵੱਲੋਂ ਨਾਕਿਆਂ ਨੂੰ ਅਲਰਟ ਕੀਤਾ ਗਿਆ ਅਤੇ ਨਾਕਿਆਂ ’ਤੇ ਤਾਇਨਾਤ ਪੁਲਿਸ ਦੀ ਮੁਸਤੈਦੀ ਨੂੰ ਦੇਖ ਕੇ ਕਾਰ ਚੋਰ ਸੜਕ ਕਿਨਾਰੇ ਚੋਰੀ ਕੀਤੀ ਕਾਰ ਸੜਕ ’ਤੇ ਛੱਡ ਕੇ ਭੱਜ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਵਰਨਾ ਕਾਰ ਮਾਲਕ ਦੇ ਹਵਾਲੇ ਕੀਤੀ ਗਈ ਹੈ।