ਚੋਰੀ ਦੀ ਸਬਮਰਸੀਬਲ ਕੇਬਲ ਸਮੇਤ ਦੋ ਕਾਬੂ
ਚੋਰੀ ਦੀ ਸਬਮਰਸੀਬਲ ਕੇਬਲ ਸਮੇਤ ਦੋ ਕਾਬੂ
Publish Date: Mon, 30 Mar 2026 08:09 PM (IST)
Updated Date: Mon, 30 Mar 2026 08:12 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਮੁਬਾਰਕਪੁਰ ਪੁਲਿਸ ਚੌਕੀ ਦੀ ਟੀਮ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀ ਕੀਤੀ ਹੋਈ 950 ਫੁੱਟ ਸਬਮਰਸੀਬਲ ਕੇਬਲ ਬਰਾਮਦ ਕੀਤੀ ਹੈ। ਚੌਕੀ ਇੰਚਾਰਜ ਮੁਬਾਰਕਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਗੁਰਦਿਆਲ ਸਿੰਘ ਦੇ ਬਿਆਨ ’ਤੇ 27 ਮਾਰਚ ਨੂੰ ਧਾਰਾ 303(2)3(5) ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਕੋਲੋਂ ਭਾਰੀ ਮਾਤਰਾ ਵਿਚ ਤਾਂਬੇ ਦੀ ਕੇਬਲ ਬਰਾਮਦ ਹੋਈ ਹੈ, ਜਿਸ ਦੀ ਲੰਬਾਈ ਲਗਭਗ 950 ਫੁੱਟ ਦੱਸੀ ਜਾ ਰਹੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਦੌਰਾਨ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਜਿਨ੍ਹਾਂ ਦੀ ਪਛਾਣ ਸੁਸ਼ੀਲ ਕੁਮਾਰ ਪੁੱਤਰ ਗਿਰਿਸ਼ ਚੰਦ ਪਿੰਡ ਬਾਕਰਪੁਰ ਅਤੇ ਪਰਮਾਂਸ਼ੂ ਕੁਮਾਰ ਪੁੱਤਰ ਚੰਦਨ ਸਿੰਘ ਪਿੰਡ ਬਾਕਰਪੁਰ ਦੇ ਰੂਪ ਵਿਚ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕੇਬਲ ਕਿੱਥੋਂ ਚੋਰੀ ਕੀਤੀ ਗਈ ਸੀ ਅਤੇ ਕੀ ਇਨ੍ਹਾਂ ਦੇ ਨਾਲ ਕੋਈ ਹੋਰ ਸਾਥੀ ਵੀ ਇਸ ਕਾਰਵਾਈ ਵਿਚ ਸ਼ਾਮਲ ਹਨ। ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਲਾਕੇ ਵਿਚ ਹੋਰ ਚੋਰੀਆਂ ਦੀਆਂ ਵਾਰਦਾਤਾਂ ਦੇ ਭੇਤ ਵੀ ਖੁੱਲ੍ਹ ਸਕਣ। ਪੁਲਿਸ ਦੀ ਇਸ ਮੁਸ਼ਤੈਦੀ ਨਾਲ ਇਲਾਕੇ ਦੇ ਕਿਸਾਨਾਂ ਅਤੇ ਉਦਯੋਗਪਤੀਆਂ ਨੇ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ।