ਹਾਦਸਿਆਂ ਨੂੰ ਸੱਦਾ ਦੇ ਰਹੇ ਸੜਕ ਕਿਨਾਰੇ ਖੜ੍ਹੇ ਟਰੱਕ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
ਹਾਦਸਿਆਂ ਨੂੰ ਸੱਦਾ ਦੇ ਰਹੇ ਸੜਕ ਕਿਨਾਰੇ ਖੜ੍ਹੇ ਟਰੱਕ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ
Publish Date: Mon, 13 Apr 2026 06:42 PM (IST)
Updated Date: Mon, 13 Apr 2026 06:46 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਤੋਂ ਬਰਵਾਲਾ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ਪਿੰਡ ਭਗਵਾਨਪੁਰ ਨੇੜੇ ਸੜਕ ਦੇ ਦੋਵੇਂ ਕਿਨਾਰਿਆਂ ’ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਖੜ੍ਹੇ ਕੀਤੇ ਗਏ ਟਰੱਕ ਰਾਹਗੀਰਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ। ਭਾਰੀ ਵਾਹਨਾਂ ਦੀ ਇਸ ਅੰਨ੍ਹੇਵਾਹ ਪਾਰਕਿੰਗ ਕਾਰਨ ਜਿੱਥੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ, ਉੱਥੇ ਹੀ ਰੋਜ਼ਾਨਾ ਭਿਆਨਕ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸੜਕ ਦੇ ਦੋਵੇਂ ਪਾਸੇ ਟਰੱਕ ਖੜ੍ਹੇ ਹੋਣ ਕਾਰਨ ਚੱਲਦੀ ਹੋਈ ਟ੍ਰੈਫਿਕ ਲਈ ਰਸਤਾ ਬਹੁਤ ਘੱਟ ਜਾਂਦਾ ਹੈ। ਰਾਤ ਦੇ ਸਮੇਂ ਇਨ੍ਹਾਂ ਟਰੱਕਾਂ ਦੇ ਪਿੱਛੇ ਕੋਈ ਰਿਫਲੈਕਟਰ ਜਾਂ ਲਾਈਟਾਂ ਨਾ ਹੋਣ ਕਾਰਨ ਤੇਜ਼ ਰਫ਼ਤਾਰ ਵਾਹਨ ਅਕਸਰ ਇਨ੍ਹਾਂ ਨਾਲ ਟਕਰਾ ਜਾਂਦੇ ਹਨ। ਧੁੰਦ ਦੇ ਦਿਨਾਂ ਵਿਚ ਇਹ ਸਥਿਤੀ ਹੋਰ ਵੀ ਘਾਤਕ ਹੋ ਜਾਂਦੀ ਹੈ। ਇਸ ਇਲਾਕੇ ਵਿਚ ਵੱਡੀ ਗਿਣਤੀ ’ਚ ਫੈਕਟਰੀਆਂ ਹੋਣ ਕਾਰਨ ਟਰੱਕ ਚਾਲਕ ਆਪਣੀ ਸਹੂਲਤ ਲਈ ਸੜਕ ਨੂੰ ਹੀ ਪਾਰਕਿੰਗ ਵਜੋਂ ਵਰਤ ਰਹੇ ਹਨ। ਪਿੰਡ ਭਗਵਾਨਪੁਰ ਦੇ ਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਖੜ੍ਹੇ ਟਰੱਕਾਂ ਕਾਰਨ ਪਹਿਲਾਂ ਵੀ ਕਈ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਕੀ ਪ੍ਰਸ਼ਾਸਨ ਕਿਸੇ ਵੱਡੇ ਜਾਨੀ ਨੁਕਸਾਨ ਦਾ ਇੰਤਜ਼ਾਰ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਤੇ ਟ੍ਰੈਫਿਕ ਵਿਭਾਗ ਵੱਲੋਂ ਇਨ੍ਹਾਂ ਟਰੱਕਾਂ ਨੂੰ ਹਟਾਉਣ ਲਈ ਕੋਈ ਸਖ਼ਤ ਮੁਹਿੰਮ ਨਹੀਂ ਚਲਾਈ ਜਾ ਰਹੀ। ਨਿਯਮਾਂ ਅਨੁਸਾਰ ਮੁੱਖ ਸੜਕਾਂ ’ਤੇ ਅਜਿਹੀ ਪਾਰਕਿੰਗ ਸਖ਼ਤ ਮਨ੍ਹਾ ਹੈ, ਪਰ ਇੱਥੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਨੇ ਡੇਰਾਬੱਸੀ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਖੜ੍ਹੇ ਵਾਹਨਾਂ ਦੇ ਤੁਰੰਤ ਚਾਲਾਨ ਕੀਤੇ ਜਾਣ। ਟਰੱਕਾਂ ਨੂੰ ਹਟਾਉਣ ਲਈ ਸਥਾਈ ਤੌਰ ’ਤੇ ਪੁਲਿਸ ਗਸ਼ਤ ਵਧਾਈ ਜਾਵੇ। ਫੈਕਟਰੀ ਮਾਲਕਾਂ ਨੂੰ ਆਪਣੇ ਵਾਹਨਾਂ ਲਈ ਨਿੱਜੀ ਪਾਰਕਿੰਗ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਹੁਣ ਦੇਖਣਾ ਇਹ ਹੋਵੇਗਾ ਕਿ ਖ਼ਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਉਂਦਾ ਹੈ ਜਾਂ ਲੋਕਾਂ ਦੀਆਂ ਜਾਨਾਂ ਇਸੇ ਤਰ੍ਹਾਂ ਜ਼ੋਖ਼ਮ ਵਿਚ ਰਹਿਣਗੀਆਂ।