ਟਰਾਈਸਿਟੀ ’ਚ ਹਲਕੀ ਧੁੱਪ ਨਾਲ ਮਿਲੀ ਰਾਹਤ, 8 ਜਨਵਰੀ ਤਕ ‘ਓਰੇਂਜ ਅਲਰਟ’ ਜਾਰੀ
ਟਰਾਈਸਿਟੀ 'ਚ ਹਲਕੀ ਧੁੱਪ ਨਾਲ ਮਿਲੀ ਰਾਹਤ, 8 ਜਨਵਰੀ ਤੱਕ 'ਓਰੇਂਜ ਅਲਰਟ' ਜਾਰੀ
Publish Date: Mon, 05 Jan 2026 07:41 PM (IST)
Updated Date: Mon, 05 Jan 2026 07:44 PM (IST)
ਐੱਸਏਐੱਸ ਨਗਰ : ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੇ ਵਸਨੀਕਾਂ ਨੂੰ ਸੋਮਵਾਰ ਸਵੇਰੇ ਉਸ ਵੇਲੇ ਵੱਡੀ ਰਾਹਤ ਮਿਲੀ, ਜਦੋਂ ਕਈ ਦਿਨਾਂ ਬਾਅਦ ਸੰਘਣੀ ਧੁੰਦ ਤੋਂ ਨਿਜ਼ਾਤ ਮਿਲੀ ਅਤੇ ਹਲਕੀ ਧੁੱਪ ਨਿਕਲ ਆਈ। ਹਾਲਾਂਕਿ, ਪੂਰਾ ਉੱਤਰ ਭਾਰਤ ਅਜੇ ਵੀ ਕੜਾਕੇ ਦੀ ਠੰਢ ਅਤੇ ਸ਼ੀਤ ਲਹਿਰ ਦੀ ਲਪੇਟ ਵਿਚ ਹੈ। ਮੌਸਮ ਵਿਭਾਗ ਨੇ ਆਉਣ ਵਾਲੀ 8 ਜਨਵਰੀ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਲਈ 'ਓਰੇਂਜ ਅਲਰਟ' ਜਾਰੀ ਰੱਖਿਆ ਹੈ।
ਤਾਪਮਾਨ ਦੀ ਸਥਿਤੀ : ਮੁਹਾਲੀ ਵਿਚ ਸੋਮਵਾਰ ਦਾ ਦਿਨ ਦਾ ਤਾਪਮਾਨ ਲਗਭਗ 14° ਤਕ ਰਹੇਗਾ, ਰਾਤ ਦਾ ਤਾਪਮਾਨ ਕਰੀਬ 7° ਦੇ ਨੇੜੇ ਰਿਹਾ। ਮੁਹਾਲੀ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਵੇਰ ਵੇਲੇ ਹਲਕੀ ਧੁੰਦ ਵੇਖਣ ਨੂੰ ਮਿਲੀ, ਪਰ ਦਿਨ ਚੜ੍ਹਦਿਆਂ ਹੀ ਅਸਮਾਨ ਸਾਫ਼ ਹੋ ਗਿਆ, ਜਦਕਿ ਚੰਡੀਗੜ੍ਹ ਵਿਚ ਸੋਮਵਾਰ ਦਾ ਦਿਨ ਦਾ ਅਨੁਮਾਨਤ ਤਾਪਮਾਨ ਲਗਭਗ 15°–16° ਅਤੇ ਰਾਤ ਨੂੰ ਤਾਪਮਾਨ ਕਰੀਬ 6°–8° ਰਿਹਾ। ਜਦਕਿ ਮੁਹਾਲੀ ਵਿਚ ਅੱਜ ਵੀ ਮੌਸਮ ਠੰਢਾ ਰਹੇਗਾ। ਦਿਨ ਦਾ ਤਾਪਮਾਨ ਕਰੀਬ 15°-16° ਰਹੇਗਾ ਅਤੇ ਰਾਤ ਦਾ ਤਾਪਮਾਨ 5-7° ਸੀ ਦੇ ਨੇੜੇ ਰਹੇਗਾ। ਚੰਡੀਗੜ੍ਹ ਲਈ ਵੀ ਅੱਜ ਪੂਰਬ ਵੱਲੋਂ ਹਲਕੀ ਧੁੱਪ ਅਤੇ ਸ਼ੀਤ ਹਵਾਵਾਂ ਦੀ ਸੰਭਾਵਨਾ ਹੈ। ਦਿਨ ਦਾ ਤਾਪਮਾਨ 14-15° ਰਹੇਗਾ ਅਤੇ ਰਾਤ 6°-8° ਸੀ ਦੇ ਆਸ-ਪਾਸ ਰਹੇਗਾ। ਧੁੰਦ ਕਾਰਨ ਸੜਕਾਂ ’ਤੇ ਵਿਜ਼ੀਬਿਲਟੀ (ਸਪੱਸ਼ਟਤਾ) 50 ਮੀਟਰ ਤੋਂ ਵੀ ਘੱਟ ਰਹਿ ਸਕਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ।
ਹਵਾਈ ਸੇਵਾਵਾਂ ’ਤੇ ਅਸਰ : ਧੁੰਦ ਅਤੇ ਖ਼ਰਾਬ ਮੌਸਮ ਦਾ ਅਸਰ ਹਵਾਈ ਉਡਾਣਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਬੀਤੀ ਦੇਰ ਰਾਤ ਮੁੰਬਈ ਤੋਂ ਆਉਣ ਵਾਲੀ ਉਡਾਣ ਇਕ ਘੰਟਾ ਦੇਰੀ ਨਾਲ ਪੁੱਜੀ। ਅੱਜ ਸਵੇਰੇ 5:20 ਵਜੇ ਮੁੰਬਈ ਜਾਣ ਵਾਲੀ ਉਡਾਣ ਵੀ 10 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਹਵਾਈ ਅੱਡਾ ਅਥਾਰਿਟੀ ਮੁਸ਼ਤੈਦ ਹੈ ਅਤੇ ਬਾਕੀ ਉਡਾਣਾਂ ਦੇ ਸਮੇਂ ਸਿਰ ਚੱਲਣ ਦੀ ਉਮੀਦ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ-ਚਾਰ ਦਿਨਾਂ ਤਕ ਠੰਢ ਦਾ ਕਹਿਰ ਜਾਰੀ ਰਹੇਗਾ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਗਰਮ ਕੱਪੜਿਆਂ ਦਾ ਸਹੀ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ।