ਇਨਕਲਾਬ ਦੀ ਗੂੰਜ ਨਾਲ ਗੂੰਜਿਆ ਮੁਹਾਲੀ : ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ : ਡਾ. ਆਹਲੂਵਾਲੀਆ
ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ : ਡਾ. ਸੰਨੀ ਸਿੰਘ ਆਹਲੂਵਾਲੀਆ”
Publish Date: Mon, 23 Mar 2026 06:27 PM (IST)
Updated Date: Mon, 23 Mar 2026 06:28 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਮੁਹਾਲੀ ਉਸ ਵੇਲੇ ਇਨਕਲਾਬ ਦੀ ਗੂੰਜ ਨਾਲ ਗੂੰਜ ਉੱਠਿਆ ਜਦੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਇਨਕਲਾਬ ਦਿਵਸ ਵਜੋਂ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਸਾਹਮਣੇ ਸਥਿਤ ਉਨ੍ਹਾਂ ਦੇ ਬੁੱਤ ਕੋਲ ਇਕ ਹਜ਼ਾਰ ਤੋਂ ਵੱਧ ਮੁਹਾਲੀ ਵਾਸੀਆਂ ਨੇ ਸ਼ਹੀਦਾਂ ਨੂੰ ਨਮਨ ਕੀਤਾ। ਇਸ ਸਮਾਗਮ ਦੀ ਅਗਵਾਈ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ ਵੱਲੋਂ ਕੀਤੀ ਗਈ। ਡਾ. ਸੰਨੀ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਇਹ ਸਮਾਗਮ ਇਕ ਲੋਕ ਅੰਦੋਲਨ ਦਾ ਰੂਪ ਲੈ ਗਿਆ, ਜਿਸ ਵਿਚ ਨੌਜਵਾਨਾਂ ਦੀ ਵੱਡੀ ਭਾਗੀਦਾਰੀ ਵੇਖਣ ਨੂੰ ਮਿਲੀ। ਇਸ ਮੌਕੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਮੈਨ ਰਾਜ ਲਾਲੀ ਗਿੱਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ‘ਆਪ’ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ, ਪੈਸਕੋ ਦੇ ਚੇਅਰਮੈਨ ਮੇਜਰ ਗੁਰਚਰਨਜੀਤ ਸਿੰਘ, ‘ਆਪ’ ਮੁਹਾਲੀ ਦੇ ਸੰਗਠਨ ਇੰਚਾਰਜ ਗੋਵਿੰਦਰ ਕੁਮਾਰ ਮਿੱਤਲ, ਪੰਜਾਬ ਟਰੇਡ ਕਮਿਸ਼ਨ ਮੁਹਾਲੀ ਦੇ ਚੇਅਰਮੈਨ ਰਣਜੀਤਪਾਲ ਸਿੰਘ ਸਮੇਤ ਕਈ ਹੋਰ ਆਗੂਆਂ ਅਤੇ ਪਿੰਡਾਂ ਦੇ ਸਰਪੰਚਾਂ ਨੇ ਵੀ ਸ਼ਮੂਲੀਅਤ ਕੀਤੀ। ਡਾ. ਸੰਨੀ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਇਸ ਇਨਕਲਾਬ ਦਿਵਸ ਮੌਕੇ ਖ਼ੂਨਦਾਨ ਕੈਂਪ, ਮੁਫ਼ਤ ਸਿਹਤ ਜਾਂਚ ਕੈਂਪ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੈਲਥ ਕਾਰਡ ਕੈਂਪ ਅਤੇ ਦੰਦਾਂ ਦੀ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਸੈਂਕੜੇ ਲੋਕਾਂ ਨੇ ਖ਼ੂਨਦਾਨ ਕੀਤਾ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ। ਉਨ੍ਹਾਂ ਕਿਹਾ ਕਿ ਭਗਤ ਸਿੰਘ ਸਿਰਫ਼ ਆਜ਼ਾਦੀ ਸੈਨਾਨੀ ਨਹੀਂ ਸਨ, ਸਗੋਂ ਉਹ ਇਕ ਸੋਚ, ਇਕ ਇਨਕਲਾਬ ਅਤੇ ਇਕ ਆਵਾਜ਼ ਸਨ, ਜੋ ਅੱਜ ਵੀ ਨੌਜਵਾਨਾਂ ਨੂੰ ਅਨਿਆਂ ਖ਼ਿਲਾਫ਼ ਖੜ੍ਹਾ ਹੋਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਦੀ ‘ਇਨਕਲਾਬ ਜ਼ਿੰਦਾਬਾਦ’ ਦੀ ਗੂੰਜ ਅੱਜ ਵੀ ਹਰ ਨੌਜਵਾਨ ਦੇ ਦਿਲ ਵਿਚ ਜੋਸ਼ ਅਤੇ ਦੇਸ਼ਭਗਤੀ ਪੈਦਾ ਕਰਦੀ ਹੈ। ਉਨ੍ਹਾਂ ਨੇ ਆਪਣੇ ਛੋਟੇ ਜਿਹੇ ਜੀਵਨ ਵਿਚ ਦੇਸ਼ ਦੀ ਆਜ਼ਾਦੀ ਲਈ ਜੋ ਕੁਰਬਾਨੀ ਦਿੱਤੀ, ਉਹ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਅਸੀਂ ਸੱਚਮੁੱਚ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਣੀ ਹੈ, ਤਾਂ ਸਾਨੂੰ ਪੰਜਾਬ ਵਿਚੋਂ ਨਸ਼ਿਆਂ ਦੇ ਖ਼ਿਲਾਫ਼ ਇਕ ਜਨ ਅੰਦੋਲਨ ਖੜ੍ਹਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਨੂੰ ਇਨਕਲਾਬ ਦਿਵਸ ਵਜੋਂ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਭਗਤ ਸਿੰਘ ਦੀ ਸੋਚ ਨਾਲ ਜੋੜਨਾ ਅਤੇ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਸਮਾਜ ਵਿਚ ਬਦਲਾਅ ਲਿਆਉਣਾ ਹੈ। ਭਗਤ ਸਿੰਘ ਇਕ ਅਜਿਹੇ ਸਮਾਜ ਦੀ ਕਲਪਨਾ ਕਰਦੇ ਸਨ, ਜਿੱਥੇ ਬਰਾਬਰੀ, ਇਨਸਾਫ਼ ਅਤੇ ਭਾਈਚਾਰਾ ਹੋਵੇ। ਡਾ. ਆਹਲੂਵਾਲੀਆ ਨੇ ਅਪੀਲ ਕੀਤੀ ਕਿ ਅਸੀਂ ਸਭ ਨੂੰ ਇਸ ਮੌਕੇ ’ਤੇ ਇਹ ਪ੍ਰਣ ਲੈਣਾ ਚਾਹੀਦਾ ਹੈ, ਕਿ ਪੰਜਾਬ ਵਿਚੋਂ ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਖ਼ਤਮ ਕਰ ਕੇ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਇਸ ਦਿਸ਼ਾ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਮਾਗਮ ਦੇ ਅਖੀਰ ਵਿਚ ਸਾਰੇ ਹਾਜ਼ਰੀਨ ਨੇ ਇਕਸੁਰ ਹੋ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ ਅਤੇ ਇਹ ਸੰਕਲਪ ਲਿਆ, ਕਿ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਲਈ ਹਮੇਸ਼ਾ ਅੱਗੇ ਰਹਿਣਗੇ।