ਏਅਰਪੋਰਟ ਰੋਡ ’ਤੇ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਰਾਹਗੀਰ ਨੂੰ ਕੁਚਲਿਆ, ਮੌਤ
ਏਅਰਪੋਰਟ ਰੋਡ 'ਤੇ ਦਰਦਨਾਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਰਾਹਗੀਰ ਨੂੰ ਕੁਚਲਿਆ, ਮੌਤ,
Publish Date: Mon, 23 Mar 2026 10:05 PM (IST)
Updated Date: Mon, 23 Mar 2026 10:07 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਸਥਾਨਕ ਏਅਰਪੋਰਟ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ 41 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਆਪਣੇ ਭਰਾ ਨਾਲ ਪੈਦਲ ਪੈਟਰੋਲ ਪੰਪ ਤੋਂ ਤੇਲ ਲੈਣ ਜਾ ਰਿਹਾ ਸੀ। ਤੇਜ਼ ਰਫ਼ਤਾਰ ਕਾਰ ਚਾਲਕ ਨੇ ਵਿਅਕਤੀ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਉਹ ਸੜਕ ਦੇ ਡਿਵਾਈਡਰ ’ਤੇ ਜਾ ਡਿੱਗਿਆ। ਗੰਭੀਰ ਹਾਲਤ ਵਿਚ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਰਹਿਣ ਵਾਲੇ ਵਿਨੋਦ ਨੇ ਦੱਸਿਆ ਕਿ ਉਹ ਮੌਜੂਦਾ ਸਮੇਂ ਵਿਚ ਐਰੋ ਸਿਟੀ ਵਿਚ ਮਜ਼ਦੂਰੀ ਕਰਦਾ ਹੈ। ਸ਼ਨਿਚਰਵਾਰ ਸ਼ਾਮ ਕਰੀਬ 7:00 ਵਜੇ ਉਹ ਆਪਣੇ ਮਾਮੇ ਦੇ ਲੜਕੇ ਸ਼ੀਸ਼ ਪਾਲ (41) ਨਾਲ ਘਰੋਂ ਪੈਦਲ ਹੀ ਐੱਚਪੀ ਪੈਟਰੋਲ ਪੰਪ ਤੇ ਤੇਲ ਲੈਣ ਜਾ ਰਹੇ ਸਨ। ਜਦੋਂ ਉਹ ਏਅਰਪੋਰਟ ਰੋਡ ਪਾਰ ਕਰ ਰਹੇ ਸਨ, ਤਾਂ ਜ਼ੀਰਕਪੁਰ ਦੀ ਤਰਫ਼ੋਂ ਆ ਰਹੀ ਇਕ ਸਿਲਵਰ ਰੰਗ ਦੀ ਹੌਂਡਾ ਕਾਰ ਨੇ ਸ਼ੀਸ਼ ਪਾਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ਤੋਂ ਤੁਰੰਤ ਬਾਅਦ ਵਿਨੋਦ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀ ਸ਼ੀਸ਼ ਪਾਲ ਨੂੰ ਉਸੇ ਕਾਰ ਵਿਚ ਪਾਇਆ ਅਤੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਪਹੁੰਚਾਇਆ। ਹਾਲਾਂਕਿ, ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਸ਼ੀਸ਼ ਪਾਲ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕਾ ਪਾ ਕੇ ਕਾਰ ਚਾਲਕ ਆਪਣੀ ਗੱਡੀ ਸਮੇਤ ਹਸਪਤਾਲ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਵਿਨੋਦ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਹੁਣ ਹਸਪਤਾਲ ਅਤੇ ਏਅਰਪੋਰਟ ਰੋਡ ਤੇ ਲੱਗੇ ਸੀਸੀਟੀਵੀ ਕੈਮਰਿਆਂ ਅਤੇ ਕਾਰ ਦੇ ਨੰਬਰ ਦੀ ਮਦਦ ਨਾਲ ਮੁਲਜ਼ਮ ਚਾਲਕ ਦੀ ਤਲਾਸ਼ ਕਰ ਰਹੀ ਹੈ ਤਾਂ ਜੋ ਉਸ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।