ਟ੍ਰੀਪਲ ਰਾਈਡਿੰਗ ਕਰਕੇ ਉਡਾਈਆਂ ਜਾ ਰਹੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ
ਟ੍ਰੀਪਲ ਰਾਈਡਿੰਗ ਕਰਕੇ ਉਡਾਈਆਂ ਜਾ ਰਹੀਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ
Publish Date: Sun, 22 Feb 2026 05:35 PM (IST)
Updated Date: Sun, 22 Feb 2026 05:37 PM (IST)

ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਕੀਤੀ ਅਪੀਲ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸ਼ਹਿਰ ਅਤੇ ਆਸ-ਪਾਸ ਦੇ ਖੇਤਰ ’ਚ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿਚ ਨੌਜਵਾਨਾਂ ਵੱਲੋਂ ਮੋਟਰਸਾਈਕਲਾਂ ਤੇ ਟ੍ਰੀਪਲ ਰਾਈਡਿੰਗ (ਤਿੰਨ ਸਵਾਰੀਆਂ) ਕਰਨਾ ਆਮ ਗੱਲ ਹੋ ਗਈ ਹੈ, ਜਿਸ ਕਾਰਨ ਨਾ ਸਿਰਫ਼ ਹਾਦਸਿਆਂ ਦਾ ਖ਼ਤਰਾ ਬਣਿਆ ਹੋਇਆ ਹੈ, ਸਗੋਂ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਮੇਨ ਬਾਜ਼ਾਰ, ਬਰਵਾਲਾ ਰੋਡ ਅਤੇ ਅੰਬਾਲਾ-ਚੰਡੀਗੜ੍ਹ ਹਾਈਵੇ ਤੇ ਬਿਨਾਂ ਹੈਲਮੇਟ ਅਤੇ ਟ੍ਰੀਪਲ ਰਾਈਡਿੰਗ ਕਰਦੇ ਦੁਪਹੀਆ ਵਾਹਨ ਚਾਲਕ ਅਕਸਰ ਦੇਖੇ ਜਾ ਸਕਦੇ ਹਨ। ਇਹ ਨੌਜਵਾਨ ਅਕਸਰ ਹੁਲੜਬਾਜ਼ੀ ਦਾ ਮਾਹੌਲ ਪੈਦਾ ਕਰਦੇ ਹਨ। ਸਥਾਨਕ ਨਿਵਾਸੀਆਂ ਅਨੁਸਾਰ ਕਈ ਨੌਜਵਾਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਪਟਾਕੇ ਪਾਉਣ ਵਾਲੇ ਸਾਈਲੈਂਸਰਾਂ ਦੀ ਵਰਤੋਂ ਕਰਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਜਿਸ ਕਾਰਨ ਅਕਸਰ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਟ੍ਰੀਪਲ ਰਾਈਡਿੰਗ ਕਾਰਨ ਵਾਹਨ ਦਾ ਸੰਤੁਲਨ ਵਿਗੜਨ ਦਾ ਡਰ ਰਹਿੰਦਾ ਹੈ, ਜਿਸ ਨਾਲ ਪਹਿਲਾਂ ਵੀ ਕਈ ਮਾਰੂ ਹਾਦਸੇ ਵਾਪਰ ਚੁੱਕੇ ਹਨ। ਸਥਾਨਕ ਸ਼ਹਿਰ ਵਾਸੀਆਂ ਨੇ ਕਿਹਾ ਕਿ ਸੜਕਾਂ ਤੇ ਚੱਲਣਾ ਦੁਭਰ ਹੋ ਗਿਆ ਹੈ। ਬਿਨਾਂ ਕਿਸੇ ਡਰ ਦੇ ਨੌਜਵਾਨ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੇ ਅਨਸਰਾਂ ਤੇ ਨੱਥ ਪਾਈ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਮੁੱਖ ਚੌਕਾਂ ਤੇ ਨਾਕੇਬੰਦੀ ਵਧਾਈ ਜਾਵੇ। ਟ੍ਰੀਪਲ ਰਾਈਡਿੰਗ ਅਤੇ ਬਿਨਾਂ ਹੈਲਮੇਟ ਵਾਲਿਆਂ ਦੇ ਭਾਰੀ ਚਾਲਾਨ ਕੱਟੇ ਜਾਣ। ਸਕੂਲਾਂ ਅਤੇ ਕਾਲਜਾਂ ਦੇ ਬਾਹਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ। ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੀ ਹੀ ਟ੍ਰੈਫਿਕ ਵਿਵਸਥਾ ਵਿਚ ਸੁਧਾਰ ਕੀਤਾ ਜਾਵੇ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕੇ।