ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਮਜ਼ਦ
ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਤਹਿਤ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਮਜ਼ਦ
Publish Date: Mon, 23 Mar 2026 08:11 PM (IST)
Updated Date: Mon, 23 Mar 2026 08:13 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਇਕ ਲੜਕੀ ਨਾਲ ਪੰਚਕੂਲਾ ਹਰਿਆਣਾ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਇਸ ਮਾਮਲੇ ਵਿਚ ਜ਼ੀਰੋ ਐੱਫ਼ਆਈਆਰ ਪ੍ਰਾਪਤ ਹੋਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ’ਤੇ ਪੰਚਕੂਲਾ ਟ੍ਰੈਫਿਕ ਪੁਲਿਸ ਮੁਲਾਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਕੁਲਦੀਪ ਸਿੰਘ ਅਨਸਾਰ ਡੇਰਾਬੱਸੀ ਪੁਲਿਸ ਸਟੇਸ਼ਨ ਵਿਚ ਇਕ ਜ਼ੀਰੋ ਐੱਫਆਈਆਰ ਮੋਸੂਲ ਹੋਈ, ਜਿਸ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਗੁਰਦਿਆਲ ਸਿੰਘ ਜੋ ਕਿ ਟ੍ਰੈਫਿਕ ਪੁਲਿਸ ਪੰਚਕੂਲਾ ਹਰਿਆਣਾ ਵਿਚ ਨੌਕਰੀ ਕਰਦਾ ਹੈ, ਜਿਸ ਨਾਲ ਉਸ ਦੀ ਜਾਣ-ਪਛਾਣ ਸੀ, ਜਦੋਂ ਉਹ ਬੈਂਕ ਵਿਚ ਨੌਕਰੀ ਕਰਦੀ ਸੀ। ਜਿਸ ਨਾਲ ਉਸ ਦਾ ਫੋਨ ’ਤੇ ਸੰਪਰਕ ਸੀ ਅਤੇ ਕਦੇ-ਕਦੇ ਉਸ ਨੂੰ ਘਰ ਛੱਡ ਦਿੰਦਾ ਸੀ। ਬੀਤੀ 07 ਜਨਵਰੀ ਨੂੰ ਸ਼ਾਮ 07:00 ਵਜੇ ਜਦੋਂ ਉਹ ਘਰ ਜਾ ਰਹੀ ਸੀ ਤਾਂ ਜ਼ੀਰਕਪੁਰ ਬਿੱਗ ਬਾਜ਼ਾਰ ਨੇੜੇ ਗੁਰਦਿਆਲ ਸਿੰਘ ਨੇ ਉਸ ਨੂੰ ਦੇਖ ਲਿਆ, ਜਿਸ ਨੇ ਕਿਹਾ ਕਿ ਚਾਹ ਪੀਂਦੇ ਹਾਂ ਤਾਂ ਉਹ ਉਸ ਦੀ ਆਲਟੋ ਕਾਰ ਵਿਚ ਬੈਠ ਕੇ ਬਲਟਾਣਾ ਚਲੀ ਗਈ, ਜਿੱਥੇ ਚਾਹ ਪੀਤੀ ਫਿਰ ਉਹ ਉਸ ਨੂੰ ਕਾਰ ਵਿਚ ਬਿਠਾ ਕੇ ਡੇਰਾਬੱਸੀ ਵੱਲ ਲੈ ਗਿਆ, ਜਿਸ ਨੇ ਰਸਤੇ ਵਿਚ ਉਸ ਨਾਲ ਛੇੜਛਾੜ ਕੀਤੀ। ਉਸ ਨੇ ਮੁਲਜ਼ਮ ਨੂੰ ਵਾਰ-ਵਾਰ ਰੋਕਿਆ ਪਰ ਉਹ ਨਹੀਂ ਹਟਿਆ, ਜੋ ਕਿ ਉਸ ਨੂੰ ਇੱਕ ਹੋਟਲ ਲੈ ਗਿਆ, ਜਿੱਥੇ ਉਸ ਨੂੰ ਅੰਦਰ ਜਾਣ ਲਈ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਦੀ ਨੀਅਤ ਠੀਕ ਨਹੀਂ ਸੀ ਲੱਗ ਰਹੀ। ਜਿਸ ਤੋਂ ਬਾਅਦ ਉਸ ਨੇ ਪੀੜਤ ਲੜਕੀ ਨੂੰ ਧਮਕੀਆਂ ਦਿੱਤੀਆਂ ਕਿ ਉਹ ਉਸ ਦੇ ਪਰਿਵਾਰ ਨੂੰ ਝੂਠੇ ਕੇਸ ਵਿਚ ਫਸਾ ਦੇਵੇਗਾ ਤਾਂ ਇੰਨੇ ਵਿਚ ਪੀੜਤ ਲੜਕੀ ਦਾ ਭਰਾ ਆ ਗਿਆ, ਜਿਸ ਤੋਂ ਬਾਅਦ ਉਸ ਨੇ ਪੀੜਤ ਲੜਕੀ ਨੂੰ ਪੁਲਿਸ ਮੁਲਾਜ਼ਮ ਦੇ ਚੁੰਗਲ ਤੋਂ ਛੁਡਵਾਇਆ। ਇਸ ਦੌਰਾਨ ਮੁਲਜ਼ਮ ਪੁਲਿਸ ਮੁਲਾਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ’ਤੇ ਗੁਰਦਿਆਲ ਸਿੰਘ ਖ਼ਿਲਾਫ਼ ਛੇੜਛਾੜ ਕਰਨ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।