ਟ੍ਰੈਫਿਕ ਪੁਲਿਸ ਦੀ ਸਖ਼ਤੀ, ਗ਼ਲਤ ਪਾਰਕਿੰਗ ਕਰਨ ਵਾਲੇ 10 ਵਾਹਨਾਂ ਦੇ ਕੀਤੇ ਚਾਲਾਨ
ਟ੍ਰੈਫਿਕ ਪੁਲਿਸ ਦੀ ਸਖ਼ਤੀ, ਗ਼ਲਤ ਪਾਰਕਿੰਗ ਕਰਨ ਵਾਲੇ 10 ਵਾਹਨਾਂ ਦੇ ਕੀਤੇ ਚਾਲਾਨ
Publish Date: Thu, 15 Jan 2026 05:30 PM (IST)
Updated Date: Thu, 15 Jan 2026 05:33 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਤਹਿਸੀਲ ਕੰਪਲੈਕਸ ਡੇਰਾਬੱਸੀ ਦੇ ਮੁੱਖ ਗੇਟ ਸਾਹਮਣੇ ਬੇਤਰਤੀਬੇ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲਿਆਂ ਖ਼ਿਲਾਫ਼ ਵੀਰਵਾਰ ਨੂੰ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਸ਼ਿਕੰਜਾ ਕੱਸਿਆ। ਟ੍ਰੈਫਿਕ ਪੁਲਿਸ ਵੱਲੋਂ ਕੀਤੀ ਗਈ ਇਸ ਅਚਨਚੇਤ ਕਾਰਵਾਈ ਦੌਰਾਨ 10 ਵਾਹਨਾਂ ਦੇ ਚਾਲਾਨ ਕੱਟੇ ਗਏ, ਜੋ ਰਸਤੇ ਵਿਚ ਅੜਿੱਕਾ ਬਣ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ’ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਕੰਮ ਕਰਵਾਉਣ ਆਉਂਦੇ ਹਨ। ਕਈ ਵਾਹਨ ਚਾਲਕ ਆਪਣੇ ਵਾਹਨ ਪਾਰਕਿੰਗ ਵਿਚ ਖੜ੍ਹੇ ਕਰਨ ਦੀ ਬਜਾਏ ਬਿਲਕੁਲ ਗੇਟ ਦੇ ਸਾਹਮਣੇ ਅਤੇ ਸੜਕ ਦੇ ਵਿਚਕਾਰ ਖੜ੍ਹੇ ਕਰ ਦਿੰਦੇ ਸਨ। ਇਸ ਕਾਰਨ ਨਾ ਸਿਰਫ਼ ਪੈਦਲ ਚੱਲਣ ਵਾਲਿਆਂ ਨੂੰ ਦਿੱਕਤ ਆ ਰਹੀ ਸੀ, ਸਗੋਂ ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਵੀ ਜਾਮ ਵਿਚ ਫਸ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਤਹਿਸੀਲ ਕੰਪਲੈਕਸ ਦੀ ਇਮਾਰਤ ਵਿਚ ਦਸ ਦੇ ਕਰੀਬ ਮਾਨਯੋਗ ਜੱਜਾਂ ਦੇ ਵਾਹਨ ਖੜ੍ਹੇ ਹੁੰਦੇ ਹਨ। ਜਿਨ੍ਹਾਂ ਐਮਰਜੈਂਸੀ ਵੇਲੇ ਆਉਣ ਜਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਇਮਾਰਤ ਵਿਚ ਗੱਡੀਆਂ ਦੇ ਜਾਣ ਦਾ ਰਸਤਾ ਬੰਦ ਹੋ ਜਾਂਦਾ ਹੈ। ਜਿਸ ਨੂੰ ਪੁਲਿਸ ਦੀ ਮਦਦ ਨਾਲ ਖੁਲਵਾਇਆ ਜਾਂਦਾ ਹੈ। ਇਸ ਮੌਕੇ ਤੇ ਮੌਜੂਦ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਤਹਿਸੀਲ ਦਫ਼ਤਰ ਦੇ ਗੇਟ ਸਾਹਮਣੇ ਬੇਤਰਤੀਬੀ ਪਾਰਕਿੰਗ ਕਾਰਨ ਟ੍ਰੈਫਿਕ ਵਿਵਸਥਾ ਵਿਗੜ ਰਹੀ ਹੈ। ਅੱਜ ਕਾਰਵਾਈ ਕਰਦੇ ਹੋਏ ਅਜਿਹੇ 10 ਵਾਹਨਾਂ ਦੇ ਚਾਲਾਨ ਕੀਤੇ ਗਏ ਹਨ। ਜੇਕਰ ਭਵਿੱਖ ਵਿਚ ਵੀ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ, ਤਾਂ ਉਸ ਦਾ ਵਾਹਨ ਜ਼ਬਤ ਵੀ ਕੀਤਾ ਜਾ ਸਕਦਾ ਹੈ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਵਾਲੀ ਥਾਂ ਤੇ ਹੀ ਖੜ੍ਹੇ ਕਰਨ। ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਵੀ ਅਜਿਹੀ ਮੁਹਿੰਮ ਜਾਰੀ ਰਹੇਗੀ ਤਾਂ ਜੋ ਆਮ ਜਨਤਾ ਨੂੰ ਜਾਮ ਦੀ ਸਥਿਤੀ ਤੋਂ ਨਿਜਾਤ ਮਿਲ ਸਕੇ।