ਸਰਕਾਰੀ ਸਕੂਲ ’ਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ
ਸਰਕਾਰੀ ਸਕੂਲ ’ਚ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Sat, 31 Jan 2026 05:29 PM (IST)
Updated Date: Sat, 31 Jan 2026 05:31 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਪ੍ਰਤੀ ਸੁਚੇਤ ਕਰਨ ਅਤੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸ਼ਨਿੱਚਰਵਾਰ ਨੂੰ ਗੁਰਨਾਮ ਸਿੰਘ ਸੈਣੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਡੇਰਾਬੱਸੀ ਵਿਖੇ ਇਕ ਵਿਸ਼ੇਸ਼ ਟ੍ਰੈਫਿਕ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸੜਕੀ ਨਿਯਮਾਂ ਦੀ ਉਲੰਘਣਾ ਹੀ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣਦੀ ਹੈ। ਉਨ੍ਹਾਂ ਨੇ ਹੈਲਮੇਟ ਪਹਿਨਣ, ਸੀਟ ਬੈਲਟ ਲਾਉਣ ਅਤੇ ਸੜਕੀ ਚਿੰਨ੍ਹਾਂ ਦੀ ਪਛਾਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਖ਼ਤ ਸ਼ਬਦਾਂ ’ਚ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦੁਪਹੀਆ ਜਾਂ ਚਾਰ-ਪਹੀਆ ਵਾਹਨ ਨਹੀਂ ਚਲਾਉਣੇ ਚਾਹੀਦੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਬਿਨਾਂ ਲਾਇਸੈਂਸ ਵਾਹਨ ਨਾ ਦੇਣ। ਵਿਦਿਆਰਥੀਆਂ ਨੂੰ ਨਸ਼ੇ ਦੇ ਪ੍ਰਭਾਵ ਹੇਠ ਵਾਹਨ ਚਲਾਉਣ ਦੇ ਭਿਆਨਕ ਨਤੀਜਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਕੋਈ ਵਿਕਲਪ ਨਹੀਂ, ਸਗੋਂ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਜੇਕਰ ਵਿਦਿਆਰਥੀ ਅੱਜ ਤੋਂ ਹੀ ਨਿਯਮਾਂ ਦੀ ਪਾਲਣਾ ਕਰਨਗੇ, ਤਾਂ ਉਹ ਇਕ ਸੁਰੱਖਿਅਤ ਭਵਿੱਖ ਦੀ ਸਿਰਜਣਾ ਕਰ ਸਕਦੇ ਹਨ। ਇਸ ਮੌਕੇ ਸਕੂਲ ਦੇ ਇੰਚਾਰਜ ਹਰਪ੍ਰੀਤ ਕੌਰ ਅਤੇ ਸਟਾਫ਼ ਵੱਲੋਂ ਟ੍ਰੈਫਿਕ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਵਿਦਿਆਰਥੀਆਂ ਨੇ ਵੀ ਪ੍ਰਣ ਲਿਆ ਕਿ ਉਹ ਨਾ ਸਿਰਫ਼ ਖ਼ੁਦ ਨਿਯਮਾਂ ਦੀ ਪਾਲਣਾ ਕਰਨਗੇ, ਸਗੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਗੇ।