ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਟਰੇਡਰਜ਼ ਕਮਿਸ਼ਨ ਵੱਲੋਂ ਵਿਚਾਰਾਂ
ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਟਰੇਡਰਜ਼ ਕਮਿਸ਼ਨ ਵੱਲੋਂ ਬੈਠਕ,
Publish Date: Wed, 18 Mar 2026 06:27 PM (IST)
Updated Date: Wed, 18 Mar 2026 06:31 PM (IST)

ਇਕ ਮਹੀਨੇ ਅੰਦਰ ਸਮੱਸਿਆਵਾਂ ਦੇ ਨਿਪਟਾਰੇ ਦਾ ਭਰੋਸਾ ਗੁਰਪ੍ਰੀਤ ਸਿੰਘ ਮਨੀ ਸੁਮਨ, ਪੰਜਾਬੀ ਜਾਗਰਣ, ਮੁੱਲਾਂਪੁਰ ਗਰੀਬਦਾਸ : ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵੱਲੋਂ ਕਰੌਰਾਂ ਵਿਖੇ ਖਰੜ ਅਤੇ ਮਾਜਰੀ ਦੇ ਵਪਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ। ਕਮਿਸ਼ਨ ਨੇ ਵਪਾਰੀਆਂ ਵੱਲੋਂ ਉਠਾਏ ਗਏ ਮਸਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਭਰੋਸਾ ਦਿਵਾਇਆ ਕਿ ਸਾਰੇ ਮਸਲਿਆਂ ਦਾ ਨਿਪਟਾਰਾ ਇਕ ਮਹੀਨੇ ਦੇ ਅੰਦਰ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੀ ਵਪਾਰ-ਮਿੱਤਰ ਨੀਤੀ ਨੂੰ ਦੁਹਰਾਉਂਦਿਆਂ ਕਮਿਸ਼ਨ ਨੇ ਰਾਜ ਵਿਚ ਸੁਚੱਜੇ ਅਤੇ ਸੁਗਮ ਕਾਰੋਬਾਰ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਜ਼ਿਲ੍ਹਾ ਪੱਧਰੀ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਰਣਜੀਤ ਪਾਲ ਸਿੰਘ, ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ ਅਤੇ ਖਰੜ ਹਲਕੇ ਦੇ ਚੇਅਰਮੈਨ ਯਸ਼ਪਾਲ ਬਾਂਸਲ ਬੈਠਕ ਦੌਰਾਨ ਮੌਜੂਦ ਸਨ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਅੱਜ ਉਠਾਏ ਗਏ ਸਾਰੇ ਮਸਲਿਆਂ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੇਡਰਜ਼ ਕਮਿਸ਼ਨ ਹੁਣ ਹਲਕਾ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਇਕ ਢਾਂਚਾਬੱਧ ਤਰੀਕੇ ਨਾਲ ਕੰਮ ਕਰੇਗਾ, ਤਾਂ ਜੋ ਵਪਾਰੀਆਂ ਦੇ ਮਸਲੇ ਨੀਂਹ ਪੱਧਰ ਤੋਂ ਹੀ ਹੱਲ ਕੀਤੇ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਦੇ ਹੋਏ ਐੱਸਡੀਐੱਮ ਖਰੜ ਗੁਰਮੀਤ ਸਿੰਘ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਾਰੇ ਮਸਲਿਆਂ ਦਾ ਨਿਪਟਾਰਾ ਨਿਰਧਾਰਤ ਸਮੇਂ ਅੰਦਰ ਕੀਤਾ ਜਾਵੇਗਾ। ਬੈਠਕ ਵਿਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਵਿਚ ਡਿਪਟੀ ਸੁਪਰਿਟੈਂਡੈਂਟ ਆਫ਼ ਪੁਲਿਸ (ਖਰੜ ਅਤੇ ਮੁੱਲਾਂਪੁਰ), ਸਟੇਟ ਟੈਕਸ ਵਿਭਾਗ (ਐੱਸਏਐੱਸ ਨਗਰ-1) ਦੇ ਅਧਿਕਾਰੀ, ਟਾਸਕ ਫੋਰਸ ਅਫ਼ਸਰ (ਨਗਰ ਕੌਂਸਲ ਖਰੜ, ਕੁਰਾਲੀ ਅਤੇ ਨਿਆਗਾਓਂ), ਤਹਿਸੀਲਦਾਰ/ਨਾਇਬ ਤਹਿਸੀਲਦਾਰ (ਖਰੜ ਅਤੇ ਮਾਜਰੀ), ਪੁਲਿਸ ਥਾਣਿਆਂ ਦੇ ਐੱਸਐੱਚਓ (ਖਰੜ, ਮਾਜਰੀ, ਨਿਆਗਾਓਂ ਅਤੇ ਮੁੱਲਾਂਪੁਰ), ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫ਼ਸਰ (ਖਰੜ ਅਤੇ ਮਾਜਰੀ), ਅਸਿਸਟੈਂਟ ਫੂਡ ਸਪਲਾਈ ਅਫ਼ਸਰ (ਖਰੜ), ਲੇਬਰ ਇੰਸਪੈਕਟਰ (ਖਰੜ ਅਤੇ ਮਾਜਰੀ), ਡਿਪਟੀ ਡਿਸਟ੍ਰਿਕਟ ਅਫ਼ਸਰ (ਪੀਐੱਸਪੀਸੀਐੱਲ), ਵਾਟਰ ਸਪਲਾਈ ਅਤੇ ਸੈਨੀਟੇਸ਼ਨ ਅਤੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਸਬ ਡਿਵੀਜ਼ਨਲ ਅਫ਼ਸਰ, ਜਨਰਲ ਮੈਨੇਜਰ (ਜ਼ਿਲ੍ਹਾ ਉਦਯੋਗ ਕੇਂਦਰ, ਐੱਸਏਐੱਸ ਨਗਰ) ਅਤੇ ਸੀਨੀਅਰ ਮੈਡੀਕਲ ਅਫ਼ਸਰ (ਖਰੜ ਅਤੇ ਮਾਜਰੀ) ਸ਼ਾਮਲ ਸਨ। ਭਾਗੀਦਾਰਾਂ ਨੇ ਕਿਹਾ ਕਿ ਇਹ ਸਰਗਰਮ ਪਹਿਲਕਦਮੀ ਸਰਕਾਰ ਵੱਲੋਂ ਵਪਾਰੀਆਂ ਨਾਲ ਸੰਚਾਰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਾਂ-ਪੱਖੀ ਉਪਰਾਲਾ ਹੈ।