ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਟਰੈਕਟਰ-ਟਰਾਲੀ ਕਾਬੂ, ਟਰੈਕਟਰ ਚਾਲਕ ਫ਼ਰਾਰ, ਮਾਮਲਾ ਦਰਜ
ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਟਰੈਕਟਰ-ਟਰਾਲੀ ਕਾਬੂ, ਟਰੈਕਟਰ ਚਾਲਕ ਫ਼ਰਾਰ, ਮਾਮਲਾ ਦਰਜ
Publish Date: Sun, 11 Jan 2026 07:12 PM (IST)
Updated Date: Sun, 11 Jan 2026 07:15 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਖੇਤਰ ’ਚ ਨਾਜਾਇਜ਼ ਮਾਈਨਿੰਗ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੇਰਾਬੱਸੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਬੀਤੀ ਦੇਰ ਰਾਤ ਪਿੰਡ ਸੁੰਡਰਾ ਵਿਖੇ ਛਾਪੇਮਾਰੀ ਦੌਰਾਨ ਰੇਤ ਨਾਲ ਭਰਿਆ ਇਕ ਟਰੈਕਟਰ-ਟਰਾਲੀ ਬਰਾਮਦ ਕੀਤਾ ਗਿਆ। ਹਾਲਾਂਕਿ ਪੁਲਿਸ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਹੌਲਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਤਿੰਨ ਵਜੇ ਦੇ ਕਰੀਬ ਮਾਈਨਿੰਗ ਇੰਸਪੈਕਟਰ ਪਵਨਜੀਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਨਾਜਾਇਜ਼ ਮਾਈਨਿੰਗ ਦੇ ਸਬੰਧ ਵਿਚ ਮੌਜੂਦ ਸਨ ਅਤੇ ਦੱਸਿਆ ਕਿ ਪਿੰਡ ਸੁੰਡਰਾ ਦੇ ਨਜ਼ਦੀਕੀ ਖੇਤਰ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਪੁਲਿਸ ਟੀਮ ਸਮੇਤ ਮੌਕੇ ਤੇ ਦਸਤਕ ਦਿੱਤੀ, ਤਾਂ ਉੱਥੇ ਰੇਤ ਦੀ ਨਾਜਾਇਜ਼ ਨਿਕਾਸੀ ਕੀਤੀ ਜਾ ਰਹੀ ਸੀ। ਪੁਲਿਸ ਨੂੰ ਦੇਖਕੇ ਮਾਈਨਿੰਗ ਵਿਚ ਸ਼ਾਮਲ ਵਿਅਕਤੀ ਟਰੈਕਟਰ-ਟਰਾਲੀ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਰੇਤ ਨਾਲ ਲੱਦਿਆ ਇਕ ਟਰੈਕਟਰ-ਟਰਾਲੀ ਕਬਜ਼ੇ ਵਿਚ ਲੈ ਲਿਆ। ਪੁਲਿਸ ਪਾਰਟੀ ਨੂੰ ਆਉਂਦਿਆਂ ਵੇਖ ਮੁਲਜ਼ਮ ਹਨੇਰੇ ਜਾਂ ਓਹਲੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਈਨਿੰਗ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਹਨ ਦੇ ਨੰਬਰ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਮੁਲਜ਼ਮਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੇ ਦੱਸਿਆ ਕਿ ਕਿਸੇ ਵੀ ਹਾਲਤ ਵਿਚ ਨਾਜਾਇਜ਼ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।