ਡੰਪਿੰਗ ਗਰਾਊਂਡ ’ਚ ਕੂੜੇ ਨੂੰ ਲੱਗੀ ਅੱਗ, ਫੈਲਿਆ ਜ਼ਹਿਰੀਲਾ ਧੂੰਆਂ
ਡੰਪਿੰਗ ਗਰਾਊਂਡ ਵਿਚ ਕੂੜੇ ਨੂੰ ਲੱਗੀ ਅੱਗ ਕਾਰਨ ਫੈਲਿਆ ਜ਼ਹਿਰੀਲਾ ਧੂੰਆਂ; ਲੋਕਾਂ ਦਾ ਜਿਊਣਾ ਹੋਇਆ ਦੁੱਭਰ
Publish Date: Tue, 14 Apr 2026 07:05 PM (IST)
Updated Date: Wed, 15 Apr 2026 04:12 AM (IST)

ਲੋਕਾਂ ਦਾ ਜਿਊਣਾ ਹੋਇਆ ਦੁੱਭਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਸਨਅਤੀ ਏਰੀਆ ਫੇਜ਼-8ਬੀ ਸਥਿਤ ਡੰਪਿੰਗ ਗਰਾਊਂਡ ਵਿਚ ਕੂੜੇ ਦੇ ਢੇਰਾਂ ਨੂੰ ਲੱਗੀ ਅੱਗ ਕਾਰਨ ਪੂਰੇ ਏਰੀਆ ਵਿਚ ਜ਼ਹਿਰੀਲਾ ਧੂੰਆਂ ਫੈਲ ਗਿਆ। ਜਿਸ ਕਾਰਨ ਸਨਅਤਕਾਰਾਂ ਅਤੇ ਫੈਕਟਰੀ ਕਾਮਿਆਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ। ਇਹੀ ਨਹੀਂ ਇੱਧਰੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ, ਜਦਕਿ ਉੱਥੇ ਕੂੜੇ ਨੂੰ ਪ੍ਰੋਸੈਸਿੰਗ ਕਰਨ ’ਚ ਜੁਟੇ ਕਾਮਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ’ਚੋਂ ਨਿਕਲ ਰਿਹਾ ਜ਼ਹਿਰੀਲਾ ਧੂੰਆਂ ਨਾ ਸਿਰਫ਼ ਉਦਯੋਗਿਕ ਖੇਤਰ, ਸਗੋਂ ਨੇੜਲੇ ਰਿਹਾਇਸ਼ੀ ਇਲਾਕਿਆਂ ਤੱਕ ਵੀ ਫੈਲ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ਼ ਅਤੇ ਅੱਖਾਂ ਵਿਚ ਜਲਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਅਰੁਣ ਗੋਇਲ, ਰਾਜਵੰਤ ਰਾਏ ਸ਼ਰਮਾ, ਅਨੁਰਾਗ ਬਿਆਲਾ ਅਤੇ ਫੈਕਟਰੀ ਕਾਮਿਆਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਵੱਲੋਂ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਦਿਨ-ਰਾਤ ਨਿਕਲ ਰਿਹਾ ਧੂੰਆਂ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਤੇ ਬੁਰਾ ਅਸਰ ਪੈ ਰਿਹਾ ਹੈ।ਮੁਹਾਲੀ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਕਿਹਾ ਕਿ ਅੱਗ ’ਤੇ ਕਾਬੂ ਪਾ ਲਿਆ ਜਾਵੇਗਾ ਅਤੇ ਜਲਦੀ ਹੀ ਇਸ ਸਮੱਸਿਆ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ। ਬਾਕਸ : ਸਮੱਸਿਆ ਦਾ ਜਲਦੀ ਕੋਈ ਪੱਕਾ ਹੱਲ ਕੱਢਿਆ ਜਾਵੇ :ਐਡ. ਜਸਬੀਰ ਸਿੰਘ ਲੇਬਰ ਲਾਅ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਸਬੀਰ ਸਿੰਘ ਨੇ ਮੁਹਾਲੀ ਪ੍ਰਸ਼ਾਸਨ ਤੋਂ ਮੰਗ ਕੀਤੀ ਇਸ ਸਮੱਸਿਆ ਦਾ ਜਲਦੀ ਕੋਈ ਪੱਕਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਾਸੀ ਖ਼ਾਸ ਕਰਕੇ ਫੈਕਟਰੀ ਕਾਮੇ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਹਾਲਾਂਕਿ ਕੁੱਝ ਸਮਾਂ ਪਹਿਲਾਂ ਹਾਈ ਕੋਰਟ ਅਤੇ ਗਰੀਨ ਟ੍ਰਿਬਿਊਨਲ ਨੇ ਇੱਥੇ ਕੂੜਾ ਸੁੱਟਣਾ ਬੰਦ ਕਰਵਾ ਦਿੱਤਾ ਸੀ ਅਤੇ ਕੂੜੇ ਨੂੰ ਪ੍ਰੋਸੈਸਿੰਗ ਕਰਨ ਦੇ ਆਦੇਸ਼ ਦਿੱਤੇ ਸਨ ਪਰ ਹੁਣ ਫਿਰ ਤੋਂ ਕੂੜੇ ਦੇ ਢੇਰਾਂ ਨੂੰ ਅੱਗ ਲੱਗਣ ਕਾਰਨ ਸਮੱਸਿਆ ਜ਼ਿਆਦਾ ਵਧ ਗਈ ਹੈ। ਬਾਕਸ : ਸਹੀ ਪ੍ਰਬੰਧਨ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਮਾਹਰਾਂ ਅਨੁਸਾਰ ਕੂੜੇ ਦੇ ਸਹੀ ਪ੍ਰਬੰਧਨ ਦੀ ਘਾਟ ਕਾਰਨ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਹਨ, ਜੇਕਰ ਸਮਾਂ ਰਹਿੰਦੇ ਕੂੜੇ ਦਾ ਨਿਪਟਾਰਾ ਨਾ ਕੀਤਾ ਗਿਆ, ਤਾਂ ਇਹ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੀ ਬਿਮਾਰੀ ਜਾਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।