ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਇਆ ਟਿੱਪਰ, ਵੱਡਾ ਹਾਦਸਾ ਟਲ਼ਿਆ
ਹਾਈ ਟੈਂਸ਼ਨ ਤਾਰਾਂ ਦੀ ਲਪੇਟ ’ਚ ਆਇਆ ਟਿੱਪਰ, ਵੱਡਾ ਹਾਦਸਾ ਟਲਿਆ
Publish Date: Sun, 01 Feb 2026 05:23 PM (IST)
Updated Date: Sun, 01 Feb 2026 05:25 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਬਰਵਾਲਾ ਰੋਡ ਤੇ ਸਥਿਤ ਹੰਸਾ ਪਾਰਕ ਨੇੜੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਤੇਜ਼ ਰਫ਼ਤਾਰ ਟਿੱਪਰ ਅਚਾਨਕ ਸੜਕ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ 66 ਕੇਵੀ ਹਾਈ ਟੈਂਸ਼ਨ ਤਾਰਾਂ ਵਿਚ ਫਸ ਗਿਆ। ਇਸ ਘਟਨਾ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇਕ ਵੱਡਾ ਹਾਦਸਾ ਹੋਣੋਂ ਬਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਟਿੱਪਰ ਚਾਲਕ ਜਦੋਂ ਹੰਸਾ ਪਾਰਕ ਕੋਲੋਂ ਲੰਘ ਰਿਹਾ ਸੀ, ਤਾਂ ਅਚਾਨਕ ਟਿੱਪਰ ਦਾ ਉੱਪਰਲਾ ਹਿੱਸਾ ਨੀਵੀਂਆਂ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਤਾਰਾਂ ਵਿਚ ਫਸਦੇ ਸਾਰ ਹੀ ਬਿਜਲੀ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਡਰਾਈਵਰ ਨੇ ਤੁਰੰਤ ਮੁਸਤੈਦੀ ਦਿਖਾਈ, ਜਿਸ ਕਾਰਨ ਉਹ ਸੁਰੱਖਿਅਤ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ, ਜਿਸ ਕਾਰਨ ਅੱਗ ਲੱਗਣ ਵਰਗੀ ਕੋਈ ਦੁਰਘਟਨਾ ਨਹੀਂ ਵਾਪਰੀ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਸ ਮਾਰਗ ਤੇ ਬਿਜਲੀ ਦੀਆਂ ਤਾਰਾਂ ਕਾਫ਼ੀ ਨੀਵੀਆਂ ਹਨ, ਜੋ ਅਕਸਰ ਵੱਡੇ ਵਾਹਨਾਂ ਲਈ ਖ਼ਤਰਾ ਬਣੀਆਂ ਰਹਿੰਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਤਾਰਾਂ ਨੂੰ ਉੱਚਾ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਪਹੁੰਚੀ ਪੁਲਿਸ ਅਤੇ ਬਿਜਲੀ ਵਿਭਾਗ ਦੀ ਟੀਮ ਵੱਲੋਂ ਟਿੱਪਰ ਨੂੰ ਤਾਰਾਂ ਵਿਚੋਂ ਕਢਵਾਉਣ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।