ਹੋਲੀ ਮੌਕੇ ਚੰਡੀਗੜ੍ਹ ਵਿਚ ਸਖ਼ਤ ਸੁਰੱਖਿਆ ਪ੍ਰਬੰਧ, 1,150 ਪੁਲਿਸ ਕਰਮਚਾਰੀ ਤਾਇਨਾਤ
ਹੋਲੀ ਮੌਕੇ ਚੰਡੀਗੜ੍ਹ ਵਿਚ ਸਖ਼ਤ ਸੁਰੱਖਿਆ ਪ੍ਰਬੰਧ, 1,150 ਪੁਲਿਸ ਕਰਮਚਾਰੀ ਤਾਇਨਾਤ
Publish Date: Tue, 03 Mar 2026 08:01 PM (IST)
Updated Date: Tue, 03 Mar 2026 08:02 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਵਿਚ ਹੋਲੀ ਦੇ ਤਿਉਹਾਰ ਮੌਕੇ ਕਨੂੰਨ ਵਿਵਸਥਾ ਬਣਾਏ ਰੱਖਣ ਅਤੇ ਹੁੱਲੜਬਾਜ਼ਾਂ ’ਤੇ ਕਾਬੂ ਪਾਉਣ ਲਈ ਚੰਡੀਗੜ੍ਹ ਪੁਲਿਸ ਨੇ ਵੀ ਆਪਣੀ ਪੂਰੀ ਤਿਆਰੀ ਕੀਤੀ ਹੈ। ਹੋਲੀ ਦੇ ਤਿਉਹਾਰ ਲਈ ਚੰਡੀਗੜ੍ਹ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਆਵਾਜਾਈ ਦਾ ਪ੍ਰਬੰਧਨ ਕਰਨ ਲਈ ਲਗਭਗ 1,150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿਚ ਅੱਠ ਸੀਨੀਅਰ ਅਧਿਕਾਰੀ, 33 ਇੰਸਪੈਕਟਰ, 14 ਪੁਲਿਸ ਚੌਕੀ ਇੰਚਾਰਜ ਅਤੇ ਲਗਭਗ 1,100 ਹੋਰ ਪੁਲਿਸ ਕਰਮਚਾਰੀ ਸ਼ਾਮਲ ਹਨ। ਸਾਰੇ ਪੁਲਿਸ ਕਰਮਚਾਰੀ 4 ਮਾਰਚ ਨੂੰ ਸਵੇਰੇ 8 ਵਜੇ ਤੋਂ ਆਪਣੇ-ਆਪਣੇ ਖੇਤਰਾਂ ਵਿਚ ਡਿਊਟੀ ਤੇ ਹੋਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਹੋਲੀ ਸੁਰੱਖਿਅਤ ਢੰਗ ਨਾਲ ਮਨਾ ਸਕਣ। ਇਸ ਤੋਂ ਇਲਾਵਾ ਸ਼ਹਿਰ ਦੇ ਸਾਰੇ ਬਾਜ਼ਾਰਾਂ, ਸੈਕਟਰਾਂ, ਕਾਲੋਨੀਆਂ, ਪਿੰਡਾਂ, ਮਾਲਾਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਵਿਸ਼ੇਸ਼ ਪੁਲਿਸ ਤਾਇਨਾਤ ਹੋਵੇਗੀ। ਇਸ ਦੇ ਨਾਲ ਹੀ ਮਹਿਲਾ ਪੁਲਿਸ ਅਧਿਕਾਰੀ ਤਾਇਨਾਤ ਕੀਤੀਆਂ ਜਾਣਗੀਆਂ, ਖ਼ਾਸ ਕਰਕੇ ਕੁੜੀਆਂ ਦੇ ਹੋਸਟਲਾਂ ਅਤੇ ਪੀਜੀ ਦੇ ਆਲੇ-ਦੁਆਲੇ। ਪੁਲਿਸ ਗੁੰਡਾਗਰਦੀ, ਤੇਜ਼ ਰਫ਼ਤਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਤੇ ਵਿਸ਼ੇਸ਼ ਨਜ਼ਰ ਰੱਖੇਗੀ। ਸ਼ਰਾਰਤੀ ਅਨਸਰਾਂ ’ਤੇ ਕਾਬੂ ਰੱਖਣ ਲਈ ਸ਼ਹਿਰ ਭਰ ਵਿਚ ਵੱਖ-ਵੱਖ ਥਾਵਾਂ ਤੇ ਅੰਦਰੂਨੀ ਚੌਕੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ। ਹੋਲੀ ਦੌਰਾਨ, ਸੜਕਾਂ ਤੇ ਵਾਧੂ ਟ੍ਰੈਫਿਕ ਪੁਲਿਸ ਅਤੇ ਪੀਸੀਆਰ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਪੁਲਿਸ ਬਾਜ਼ਾਰਾਂ ਅਤੇ ਕਾਲੋਨੀਆਂ ਵਿਚ ਲਗਾਤਾਰ ਗਸ਼ਤ ਕਰੇਗੀ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਾ ਸਿਰਫ਼ ਜੁਰਮਾਨਾ ਲਗਾਇਆ ਜਾਵੇਗਾ, ਸਗੋਂ ਉਨ੍ਹਾਂ ਦੀ ਗੱਡੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਪ੍ਰਸ਼ਾਸਨ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਔਰਤਾਂ ਅਤੇ ਬੱਚਿਆਂ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਜਾਂ ਅਪਰਾਧ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਾਂਤੀਪੂਰਨ ਅਤੇ ਸੁਰੱਖਿਅਤ ਹੋਲੀ ਮਨਾਉਣ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।