ਹੋਲੇ ਮਹੱਲੇ ਨੂੰ ਸਮਰਪਿਤ ਤਿੰਨ ਰੋਜ਼ਾ ਲੰਗਰ ਸ਼ਰਧਾਪੂਰਵਕ ਸੰਪੰਨ
ਹੋਲੇ ਮਹੱਲੇ ਨੂੰ ਸਮਰਪਿਤ ਤਿੰਨ ਰੋਜ਼ਾ ਲੰਗਰ ਸ਼ਰਧਾਪੂਰਵਕ ਸੰਪੰਨ ਹੋਇਆ
Publish Date: Thu, 05 Mar 2026 07:27 PM (IST)
Updated Date: Thu, 05 Mar 2026 07:29 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਸਿੱਖਾਂ ਦੇ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਪਿੰਡ ਸਹੌੜਾ ਦੀ ਲੰਗਰ ਕਮੇਟੀ ਵੱਲੋਂ ਪਿੰਡ ਵਾਸੀਆਂ ਅਤੇ ਖੇਤਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਲਾਇਆ ਗਿਆ ਤਿੰਨ ਰੋਜ਼ਾ ਵਿਸ਼ਾਲ ਲੰਗਰ ਵੀਰਵਾਰ ਨੂੰ ਪੂਰਨ ਸ਼ਰਧਾ ਨਾਲ ਸਮਾਪਤ ਹੋਇਆ। ਇਹ ਲੰਗਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਲਗਾਇਆ ਗਿਆ ਸੀ। ਲੰਗਰ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਪਿੰਡ ਸਹੌੜਾ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਬੀਬੀਆਂ ਦੇ ਜਥੇ ਵੱਲੋਂ ਖੇਤਰ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਗੁਰੂ ਚਰਨਾਂ ’ਚ ਅਰਦਾਸ ਉਪਰੰਤ ਸੰਗਤ ਲਈ ਸਵੇਰੇ ਤੋਂ ਦੇਰ ਰਾਤ ਤੱਕ ਅਤੁੱਟ ਲੰਗਰ ਵਰਤਾਇਆ ਗਿਆ। ਲੰਗਰ ਕਮੇਟੀ ਦੇ ਪ੍ਰਬੰਧਕਾਂ ਗੁਰਮੀਤ ਸਿੰਘ, ਮਨਜੀਤ ਸਿੰਘ, ਰਜਿੰਦਰ ਸਿੰਘ, ਡਾ. ਇੰਦਰਜੀਤ ਸਿੰਘ, ਅਵਤਾਰ ਸਿੰਘ, ਜੀਵਨ ਸਿੰਘ, ਤਰਲੋਚਨ ਸਿੰਘ ਅਤੇ ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂ ਦਿੱਲੀ, ਹਰਿਆਣਾ, ਅੰਬਾਲਾ, ਚੰਡੀਗੜ੍ਹ, ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਰਗੇ ਇਲਾਕਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਇੱਥੇ ਪੜਾਅ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਲੰਗਰ ਵਿਚ ਖੀਰ, ਕੜਾਹ ਪ੍ਰਸ਼ਾਦ, ਕੜੀ-ਚਾਵਲ, ਆਲੂ-ਮਟਰ, ਆਲੂ-ਗਾਜਰ ਅਤੇ ਚਿੱਟੇ ਚੰਨੇ ਸਮੇਤ ਪ੍ਰਸਾਦਿ ਤਿਆਰ ਕੀਤੇ ਗਏ ਸਨ। ਪਿੰਡ ਦੇ ਨੌਜਵਾਨਾਂ ਅਤੇ ਬੀਬੀਆਂ ਨੇ ਦਿਨ-ਰਾਤ ਇਕ ਕਰਕੇ ਲੰਗਰ ਸੇਵਾ ਵਿਚ ਹਿੱਸਾ ਪਾਇਆ। ਉਨ੍ਹਾਂ ਦੱਸਿਆ ਕਿ ਸਾਡਾ ਮਕਸਦ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਦੀ ਸੇਵਾ ਕਰਨਾ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਹੈ। ਅੱਜ ਲੰਗਰ ਦੇ ਤੀਜੇ ਅਤੇ ਆਖ਼ਰੀ ਦਿਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛਕਿਆ। ਡਾ. ਇੰਦਰਜੀਤ ਸਿੰਘ ਅਤੇ ਹੋਰਨਾਂ ਪਤਵੰਤਿਆਂ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਹੀ ਅਜਿਹੇ ਕਾਰਜ ਸਫ਼ਲ ਹੁੰਦੇ ਹਨ। ਅੰਤ ਵਿਚ ਬੀਬੀਆਂ ਦੇ ਜਥੇ ਅਤੇ ਕਮੇਟੀ ਮੈਂਬਰਾਂ ਵੱਲੋਂ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਅਗਲੇ ਸਾਲ ਫਿਰ ਇਸੇ ਉਤਸ਼ਾਹ ਨਾਲ ਸੇਵਾ ਕਰਨ ਦਾ ਪ੍ਰਣ ਲਿਆ ਗਿਆ।