ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਤਿੰਨ ਨਾਮਜ਼ਦ
ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਤਿੰਨ ਨਾਮਜ਼ਦ
Publish Date: Thu, 12 Feb 2026 08:07 PM (IST)
Updated Date: Thu, 12 Feb 2026 08:09 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਮੁਬਾਰਕਪੁਰ ਵਿਖੇ ਇਕ ਵਿਅਕਤੀ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਧਰਮਪਾਲ ਸਿੰਘ ਅਨੁਸਾਰ ਸੁਨੀਤਾ ਪਤਨੀ ਜਨਕ ਰਾਜ ਐਵਾਸੀ ਨੇੜੇ ਦੁਰਗਾ ਮੰਦਰ ਸ਼ਿਵਾਲਿਕ ਕਾਲੋਨੀ ਤ੍ਰਿਵੇਦੀ ਕੈਂਪ ਮੁਬਾਰਕਪੁਰ ਡੇਰਾਬੱਸੀ ਨੇ ਦੱਸਿਆ ਕਿ ਉਸ ਦਾ ਸਭ ਤੋਂ ਵੱਡਾ ਲੜਕਾ ਵਿਕਾਸ ਚੋਪੜਾ (39), ਜਿਸ ਦੀ ਲਗਭਗ 11 ਸਾਲ ਪਹਿਲਾਂ ਮਮਤਾ ਉਰਫ਼ ਅਲਕਾ ਨਾਲ ਵਿਆਹ ਹੋਇਆ ਸੀ, ਜਿਸ ਕੋਲ ਦੋ ਬੱਚੇ ਹਨ। ਉਸ ਦੀ ਨੂੰਹ ਮਮਤਾ ਉਰਫ਼ ਅਲਕਾ ਛੋਟੀ-ਛੋਟੀ ਗੱਲ ’ਤੇ ਉਸ ਦੇ ਲੜਕੇ ਨਾਲ ਝਗੜਾ ਕਰਦੀ ਰਹਿੰਦੀ ਸੀ ਅਤੇ ਅਲੱਗ ਰਹਿਣ ਲਈ ਮਜ਼ਬੂਰ ਕਰਦੀ ਸੀ, ਉਹ ਕਰੀਬ 10-15 ਦਿਨ ਪਹਿਲਾਂ ਉਸ ਦਾ ਲੜਕਾ ਵਿਕਾਸ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਪਹਿਲੀ ਮੰਜ਼ਿਲ ਸਿਲਵਰ ਸਿਟੀ ਫਲੈਟ ਮੁਬਾਰਕਪੁਰ ਵਿਖੇ ਰਹਿਣ ਲੱਗ ਪਿਆ ਸੀ। ਉਸ ਦਾ ਲੜਕਾ ਵਿਕਾਸ ਜਦੋਂ ਵੀ ਉਸ ਨੂੰ ਮਿਲਦਾ ਤਾਂ ਇਹੀ ਕਹਿੰਦਾ ਕਿ ਮਮਤਾ ਉਸ ਨਾਲ ਲੜਾਈ ਝਗੜਾ ਕਰਦੀ ਹੈ ਅਤੇ ਜਦੋਂ ਉਹ ਇਸ ਬਾਰੇ ਆਪਣੇ ਸਹੁਰਾ ਰਾਮ ਚੰਦ ਨੂੰ ਕਹਿੰਦਾ ਹੈ ਤਾਂ ਸਹੁਰਾ ਰਾਮ ਚੰਦ ਅਤੇ ਸਾਂਢੂ ਬਿੱਲਾ ਵੀ ਮਮਤਾ ਦਾ ਸਾਥ ਦਿੰਦੇ ਸੀ। ਉਸਨੇ ਦੱਸਿਆ ਕਿ ਬੀਤੀ 11 ਫਰਵਰੀ ਨੂੰ ਘਰ ’ਚ ਮੌਜੂਦ ਸੀ ਤਾਂ ਉਸ ਨੂੰ ਨੂੰਹ ਮਮਤਾ ਉਰਫ਼ ਅਲਕਾ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ ਵਿਕਾਸ ਚੋਪੜਾ ਨੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਉਹ ਤੁਰੰਤ ਆਪਣੇ ਲੜਕੇ ਰਾਹੁਲ ਤੇ ਹਰੀ ਓਮ ਨਾਲ ਵਿਕਾਸ ਚੋਪੜਾ ਦੇ ਘਰ ਪਹੁੰਚੀ ਤਾਂ ਦੇਖਿਆ ਕਿ ਵਿਕਾਸ ਨੇ ਡਰਾਇੰਗ ਰੂਮ ਦੀ ਛੱਤ ’ਚ ਲੱਗੀ ਕੁੰਡੀ ਨਾਲ ਰੱਸੀ ਬੰਨ ਕੇ ਖੁਦਕੁਸ਼ੀ ਕੀਤੀ ਹੋਈ ਸੀ। ਉਸ ਦੇ ਲੜਕੇ ਵਿਕਾਸ ਨੇ ਆਪਣੀ ਪਤਨੀ, ਸਹੁਰਾ ਅਤੇ ਸਾਂਢੂ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਸੁਨੀਤਾ ਦੇ ਬਿਆਨ ’ਤੇ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।