ਡੇਰਾਬੱਸੀ ਇਲਾਕੇ 'ਚ ਖੈਰ ਦੀ ਲੱਕੜ ਚੋਰੀ ਕਰਨ ਵਾਲੇ ਫ਼ਰਾਰ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਡੇਰਾਬੱਸੀ ਇਲਾਕੇ 'ਚ ਖੈਰ ਦੀ ਲੱਕੜ ਚੋਰੀ ਕਰਨ ਵਾਲੇ ਫ਼ਰਾਰ, ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ
Publish Date: Sun, 11 Jan 2026 05:33 PM (IST)
Updated Date: Sun, 11 Jan 2026 05:36 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਖੇਤਰ ਚ ਖੈਰ ਦੀ ਕੀਮਤੀ ਲੱਕੜ ਦੀ ਤਸਕਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੱਕੜ ਚੋਰ ਹਨੇਰੇ, ਧੁੰਦ ਤੇ ਜੰਗਲੀ ਖੇਤਰ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਅਜਿਹਾ ਹੀ ਇਕ ਮਾਮਲਾ ਡੇਰਾਬੱਸੀ ਕਾਲਜ ਰੋਡ ’ਤੇ ਸਥਿਤ ਪਿੰਡ ਮੁਕੰਦਪੁਰ ਬੀੜ ਜੰਗਲ ਨਾਲ ਜੁੜਿਆ ਹੈ, ਜਿੱਥੇ ਪੁਲਿਸ ਨੇ ਗੁਪਤ ਸੂਚਨਾ ਮਿਲਣ ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਹਨੇਰੇ ਅਤੇ ਧੂੰਦ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਕੱਟੀ ਹੋਈ ਲੱਕੜ ਬਰਾਮਦ ਕੀਤੀ ਹੈ। ਡੇਰਾਬੱਸੀ ਪੁਲਿਸ ਨੇ ਕੀਮਤੀ ਲੱਕੜ ਚੋਰੀ ਕਰਨ ਦੇ ਦੋਸ਼ ਤਹਿ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਡੇਰਾਬੱਸੀ ਸੁਮਿਤ ਮੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਾਲਜ ਰੋਡ ’ਤੇ ਸਥਿਤ ਮੁਕੰਦਪੁਰ ਬੀੜ ਜੰਗਲ ਚ ਕੁਝ ਲੋਕ ਨਾਜਾਇਜ਼ ਤਰੀਕੇ ਨਾਲ ਖੈਰ ਦੇ ਕੀਮਤੀ ਰੁੱਖਾਂ ਨੂੰ ਕੱਟ ਕੇ ਤਸਕਰੀ ਕਰਨ ਦੀ ਫਿਰਾਕ ਚ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਵੱਲੋਂ ਮੌਕੇ ਤੇ ਛਾਪੇਮਾਰੀ ਕੀਤੀ ਗਈ। ਪੁਲਿਸ ਦੀ ਭਿਣਕ ਪੈਂਦਿਆਂ ਲੱਕੜ ਕੱਟ ਰਹੇ ਚੋਰ ਹਨੇਰੇ ਚ ਮੌਕੇ ਤੋਂ ਫ਼ਰਾਰ ਹੋਣ ਚ ਕਾਮਯਾਬ ਹੋ ਗਏ। ਪੁਲਿਸ ਨੇ ਕੱਟੀ ਹੋਈ ਖੈਰ ਦੀ ਕੀਮਤੀ ਲੱਕੜ ਆਪਣੇ ਕਬਜ਼ੇ ਚ ਲੈ ਲਈ ਹੈ ਅਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੰਗਲੀ ਇਲਾਕਿਆਂ ਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੀ ਲੱਕੜ ਚੋਰ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਲਿਆ ਜਾਵੇਗਾ।