ਏਟੀਐੱਮ ਤੋਂ ਨਕਦੀ ਵਾਲਾ ਬੈਗ ਲੁੱਟਣ ਵਾਲੇ ਗ੍ਰਿਫ਼ਤਾਰ
ਏਟੀਐੱਮ ਤੋਂ ਨਕਦੀ ਵਾਲਾ ਬੈਗ ਲੁੱਟਣ ਵਾਲੇ ਗ੍ਰਿਫ਼ਤਾਰ
Publish Date: Thu, 19 Feb 2026 05:39 PM (IST)
Updated Date: Thu, 19 Feb 2026 05:42 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਏਟੀਐੱਮ ਅੰਦਰ ਅੱਖਾਂ ’ਚ ਮਿਰਚਾਂ ਪਾ ਕੇ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ ਸੀਆਈਏ ਸਟਾਫ਼ ਖਰੜ ਅਤੇ ਥਾਣਾ ਮਟੌਰ ਦੀਆਂ ਟੀਮਾਂ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 14 ਫਰਵਰੀ ਨੂੰ ਫੇਜ਼-7 ਸਥਿਤ ਐਕਸਿਸ ਬੈਂਕ ਦੇ ਏਟੀਐੱਮ ਵਿਚ ਮੁਦਈ ਗੁਰਜੋਤ ਸਿੰਘ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਨਕਦੀ ਖੋਹ ਲਈ ਗਈ ਸੀ। ਇਸ ਸਬੰਧੀ ਥਾਣਾ ਮਟੌਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਪੁਲਿਸ ਨੇ ਨਿਸ਼ਾਨ ਮਸੀਹ ਅਤੇ ਉਸਦੇ ਸਾਥੀ ਮਨਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ, ਕੱਪੜੇ, ਬੂਟ, ਚਾਕੂ, 2 ਲੱਖ ਰੁਪਏ ਨਕਦ ਅਤੇ ਖ਼ਰੀਦੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਮੁੱਖ ਮੁਲਜ਼ਮ ਬੈਂਕ ਵਿਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਰੇਕੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਅਗਲੀ ਤਫਤੀਸ਼ ਜਾਰੀ ਹੈ।