ਮੁਹਾਲੀ ਵਿਚ ਸੀਨੀਅਰ ਵਕੀਲ ਦੀ ਪਤਨੀ ਦੇ ਕਤਲ ਮਾਮਲੇ ’ਚ ਤੀਜਾ ਮੁਲਜ਼ਮ ਵੀ ਗ੍ਰਿਫ਼ਤਾਰ, ਘਰੇਲੂ ਨੌਕਰ ਨਿਕਲਿਆ ਮੁੱਖ ਦੋਸ਼ੀ
ਸੀਨੀਅਰ ਵਕੀਲ ਦੀ ਪਤਨੀ ਦੇ ਕਤਲ ਮਾਮਲੇ ’ਚ ਤੀਸਰਾ ਮੁਲਜ਼ਮ ਵੀ ਗ੍ਰਿਫ਼ਤਾਰ,
Publish Date: Thu, 15 Jan 2026 06:20 PM (IST)
Updated Date: Thu, 15 Jan 2026 06:21 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਨੇ ਬੀਤੀ 29/30 ਦਸੰਬਰ 2025 ਦੀ ਦਰਮਿਆਨੀ ਰਾਤ ਨੂੰ ਕ੍ਰਿਸ਼ਨ ਕੁਮਾਰ ਗੋਇਲ ਸੀਨੀਅਰ ਐਡਵੋਕੇਟ ਪਤਨੀ ਅਸ਼ੋਕ ਕੁਮਾਰੀ ਗੋਇਲ ਦੇ ਕਤਲ ਅਤੇ ਲੁੱਟ ਦੇ ਮਾਮਲੇ ਵਿਚ ਤੀਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸੀਨੀਅਰ ਪੁਲਿਸ ਕਪਤਾਨ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ 48 ਘੰਟਿਆਂ ਦੇ ਅੰਦਰ-ਅੰਦਰ ਮੁੱਖ ਮੁਲਜ਼ਮ ਨੀਰਜ ਸਿੰਘ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉੱਤਰ ਪ੍ਰਦੇਸ਼ ਨੂੰ ਪਹਿਲੀ ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਦੂਸਰੇ ਮੁਲਜ਼ਮ ਰਾਹੁਲ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉਤਰ ਪ੍ਰਦੇਸ਼, ਜੋ ਕਿ ਮੁੱਖ ਮੁਲਜ਼ਮ ਦਾ ਸਕਾ ਭਰਾ ਹੈ, ਨੂੰ 7 ਜਨਵਰੀ ਨੂੰ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਤੀਸਰੇ ਮੁਲਜ਼ਮ ਨਿਤਿਨ ਸਿੰਘ ਪੁੱਤਰ ਲਛਮੀ ਸਿੰਘ ਵਾਸੀ ਜ਼ਿਲ੍ਹਾ ਸ਼ਹਿਰ ਫਤੇਹਪੁਰ ਹੁਣ ਵਾਸੀ ਪਿੰਡ ਮਜਰੇ ਸਾਤੋ ਧਰਮਪੁਰ ਟਿਕਰ ਉੱਤਰ ਪ੍ਰਦੇਸ਼, ਜੋ ਕਿ ਇਨ੍ਹਾਂ ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਮਾਸੀ ਦਾ ਲੜਕਾ ਹੈ, ਨੂੰ 14 ਜਨਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕ੍ਰਿਸ਼ਨ ਕੁਮਾਰ ਗੋਇਲ ਦੇ ਜਵਾਈ ਯਤੀਰਾਜ ਸਿੰਘ ਦੇ ਬਿਆਨ ਦੇ ਆਧਾਰ ’ਤੇ ਮੁਕੱਦਮਾ ਨੰ. 310 ਮਿਤੀ 30 ਦਸੰਬਰ 2025 ਅ/ਧ 331(8),103,311,3(5) ਬੀਐੱਨਐੱਸ ਥਾਣਾ ਫੇਸ-1 ਮੁਹਾਲੀ ਵੱਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਤਫਤੀਸ਼ ਸੁਰੂ ਕੀਤੀ ਗਈ ਸੀ, ਜਿਸ ਉਪਰੰਤ ਇਹ ਮੁਲਜ਼ਮ ਨਾਮਜ਼ਦ ਕਰਕੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਮੁੱਖ ਮੁਲਜ਼ਮ ਨੀਰਜ ਸਿੰਘ ਪੁੱਤਰ ਸੁਰੇਂਦਰ ਸਿੰਘ ਵਾਸੀ ਮ:ਨੰ: 696 ਸਮਤਪੁਰ ਮਜਰੇ ਸਾਤੋ ਧਰਮਪੁਰ ਟਿਕਰ ਫਤੇਹਪੁਰ ਟਿਕਰ ਉੱਤਰ ਪ੍ਰਦੇਸ਼ ਮੁਦੱਈ ਮੁਕੱਦਮਾ ਦੇ ਘਰ ਨੌਕਰੀ ਕਰਦਾ ਸੀ, ਜਿਸ ਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੇ ਸਾਰੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਸਾਮਾਨ ਵਿਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰਵਾਏ ਗਏ ਹਨ। ਮੁਕੱਦਮਾ ਦੀ ਤਫਤੀਸ਼ ਹੋਰ ਡੂੰਘਾਈ ਨਾਲ ਕੀਤੀ ਜਾ ਰਹੀ ਹੈ, ਜਿਸ ਵਿਚ ਹੋਰ ਵੀ ਤੱਥ ਸਾਹਮਣੇ ਆਉਣ ਦੀ ਆਸ ਹੈ। ਮੁਲਜ਼ਮ ਪੁਲਿਸ ਰਿਮਾਂਡ ’ਤੇ ਲਏ ਜਾਣ ਉਪਰੰਤ ਪੁਲਿਸ ਹਿਰਾਸਤ ਵਿਚ ਹਨ।