ਚੋਰਾਂ ਦੇ ਹੌਸਲੇ ਬੁਲੰਦ, ਦਿਨ-ਦਿਹਾੜੇ ਘਰ ’ਚੋਂ ਚੋਰੀ
ਚੋਰਾਂ ਦੇ ਹੌਸਲੇ ਬੁਲੰਦ, ਸ਼ਕਤੀ ਇਨਕਲੇਵ 'ਚ ਦਿਨ-ਦਿਹਾੜੇ ਵੱਡੀ ਚੋਰੀ
Publish Date: Mon, 02 Feb 2026 10:08 PM (IST)
Updated Date: Mon, 02 Feb 2026 10:10 PM (IST)

ਟੀਪੀਐੱਸ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਖੇਤਰ ਦੀ ਸ਼ਕਤੀ ਇਨਕਲੇਵ ਕਾਲੋਨੀ ਵਿਚ ਦਿਨ-ਦਿਹਾੜੇ ਚੋਰੀ ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਨੇ ਇਲਾਕਾ ਵਾਸੀਆਂ ਵਿਚ ਦਹਿਸ਼ਤ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਚੋਰ ਘਰ ਅੰਦਰ ਹੱਥ ਸਾਫ਼ ਕਰ ਰਹੇ ਸਨ, ਉਸ ਵੇਲੇ ਘਰ ਦੇ ਬਿਲਕੁਲ ਬਾਹਰ ਗਲੀ ਵਿਚ ਕਾਲੋਨੀ ਦੀਆਂ ਔਰਤਾਂ ਧੁੱਪ ਸੇਕ ਰਹੀਆਂ ਸਨ, ਪਰ ਕਿਸੇ ਨੂੰ ਕੰਨੋ-ਕੰਨ ਖ਼ਬਰ ਨਹੀਂ ਹੋਈ। ਸਮਾਜ ਸੇਵੀ ਸੁਖਵੀਰ ਲਵਲੀ ਨੇ ਦੱਸਿਆ ਕਿ ਮਕਾਨ ਨੰ. 34 ਦੇ ਮਾਲਕ ਰਵਿੰਦਰ ਸ਼ਰਮਾ ਸਵੇਰੇ ਆਪਣੇ ਕੰਮ ਤੇ ਗਏ ਹੋਏ ਸਨ। ਦੁਪਹਿਰ ਕਰੀਬ 3:30 ਵਜੇ ਜਦੋਂ ਉਹ ਵਾਪਸ ਪਰਤੇ ਤਾਂ ਬਾਹਰਲਾ ਤਾਲਾ ਖੋਲ੍ਹਣ ਦੇ ਬਾਵਜੂਦ ਦਰਵਾਜ਼ਾ ਅੰਦਰੋਂ ਬੰਦ ਸੀ। ਵਾਰ-ਵਾਰ ਦਸਤਕ ਦੇਣ ਤੇ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਸ਼ੱਕ ਪੈਣ ਤੇ ਦਰਵਾਜ਼ਾ ਤੋੜ ਦਿੱਤਾ। ਅੰਦਰ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ; ਸਾਰਾ ਸਾਮਾਨ ਬਿਖਰਿਆ ਪਿਆ ਸੀ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਰਵਿੰਦਰ ਸ਼ਰਮਾ ਅਨੁਸਾਰ ਚੋਰਾਂ ਨੇ ਸਾਰਾ ਕੀਮਤੀ ਸਾਮਾਨ ਗੱਠੜੀਆਂ ਵਿਚ ਬੰਨ੍ਹ ਲਿਆ ਸੀ, ਪਰ ਮਾਲਕ ਦੇ ਅਚਾਨਕ ਆ ਜਾਣ ਕਾਰਨ ਉਹ ਸਾਮਾਨ ਛੱਡ ਕੇ ਪਿਛਲੇ ਦਰਵਾਜ਼ੇ ਰਾਹੀਂ ਫ਼ਰਾਰ ਹੋ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਚੋਰ ਸਾਢੇ ਚਾਰ ਤੋਲੇ ਸੋਨਾ ਅਤੇ ਕਰੀਬ 300 ਗ੍ਰਾਮ ਚਾਂਦੀ ਦੇ ਗਹਿਣਿਆਂ ’ਤੇ ਹੱਥ ਸਾਫ਼ ਕਰ ਗਏ ਹਨ। ਇਸ ਮੌਕੇ ਸੁਖਵੀਰ ਲਵਲੀ ਅਤੇ ਹੋਰਨਾਂ ਵਾਸੀਆਂ ਨੇ ਦੱਸਿਆ ਕਿ ਸ਼ਕਤੀ ਇਨਕਲੇਵ ਵਿਚ ਪਿਛਲੇ ਕੁੱਝ ਦਿਨਾਂ ਅੰਦਰ 7 ਤੋਂ 8 ਚੋਰੀਆਂ ਹੋ ਚੁੱਕੀਆਂ ਹਨ। ਲੋਕਾਂ ਵਿਚ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਹੈ।