ਫੇਜ਼-1 ’ਚ ਚੋਰਾਂ ਦੇ ਹੌਸਲੇ ਬੁਲੰਦ : ਦਿਨ-ਦਿਹਾੜੇ ਘਰ ਦਾ ਤਾਲਾ ਤੋੜ ਕੇ 8 ਲੱਖ ਦੀ ਨਕਦੀ ਤੇ ਸੋਨਾ ਉਡਾਇਆ
ਚੋਰਾਂ ਦੇ ਹੌਸਲੇ ਬੁਲੰਦ: ਦਿਨ-ਦਿਹਾੜੇ 8 ਲੱਖ ਦੀ ਨਕਦੀ ਤੇ ਸੋਨਾ ਉਡਾਇਆ
Publish Date: Sat, 03 Jan 2026 07:11 PM (IST)
Updated Date: Sat, 03 Jan 2026 07:14 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਸਥਾਨਕ ਫੇਜ਼-1 ’ਚ ਦਿਨ-ਦਿਹਾੜੇ ਚੋਰੀ ਦੀ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 8 ਲੱਖ ਰੁਪਏ ਦੀ ਕੀਮਤ ਦਾ ਸੋਨਾ ਅਤੇ ਨਕਦੀ ਚੋਰੀ ਕਰ ਲਈ। ਮਕਾਨ ਮਾਲਕ ਨਵੀਨ ਅਨੁਸਾਰ ਚੋਰ ਘਰ ਵਿਚੋਂ 3 ਤੋਂ 4 ਲੱਖ ਰੁਪਏ ਦਾ ਸੋਨਾ ਅਤੇ 4 ਤੋਂ 5 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਦਿੰਦਿਆਂ ਨਵੀਨ ਨੇ ਦੱਸਿਆ ਕਿ ਉਨ੍ਹਾਂ ਦੇ ਇੱਥੇ ਨਾਲ-ਨਾਲ ਦੋ ਘਰ ਹਨ। ਇਕ ਘਰ ਵਿਚ ਉਨ੍ਹਾਂ ਦੀ ਬਜ਼ੁਰਗ ਮਾਤਾ ਰਹਿੰਦੀ ਹੈ। ਵਾਰਦਾਤ ਦੇ ਸਮੇਂ (ਦੁਪਹਿਰ 2 ਤੋਂ 6 ਵਜੇ ਦੇ ਵਿਚਕਾਰ) ਉਨ੍ਹਾਂ ਦੀ ਪਤਨੀ ਅਤੇ ਬੇਟੀਆਂ ਨਾਲ ਦੇ ਘਰ ਵਿਚ ਮਾਤਾ ਨੂੰ ਖਾਣਾ ਖਵਾਉਣ ਲਈ ਗਈਆਂ ਹੋਈਆਂ ਸਨ। ਇਸ ਦੌਰਾਨ ਘਰ ਨੂੰ ਤਾਲਾ ਲੱਗਿਆ ਹੋਇਆ ਸੀ, ਜਿਸ ਦਾ ਫਾਇਦਾ ਉਠਾਉਂਦੇ ਹੋਏ ਚੋਰਾਂ ਨੇ ਤਾਲਾ ਤੋੜਿਆ ਅਤੇ ਅੰਦਰ ਦਾਖ਼ਲ ਹੋ ਕੇ ਕੀਮਤੀ ਸਾਮਾਨ ਸਾਫ਼ ਕਰ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਅਕਸਰ ਦੁਪਹਿਰ ਵੇਲੇ ਘਰ ਵਿਚ ਇਕੱਲੀ ਹੁੰਦੀ ਹੈ, ਪਰ ਖੁਸ਼ਕਿਸਮਤੀ ਨਾਲ ਉਹ ਉਸ ਸਮੇਂ ਘਰ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਬੇਟੀ ਅੰਦਰ ਹੁੰਦੀ ਤਾਂ ਚੋਰ ਉਸ ਨੂੰ ਜਾਨੀ ਨੁਕਸਾਨ ਪਹੁੰਚਾ ਸਕਦੇ ਸਨ। ਇਸ ਸਬੰਧੀ ਸਥਾਨਕ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ।